ADVERTISEMENT

ADVERTISEMENT

ਦਸਤਾਰਧਾਰੀ ਨੌਜਵਾਨ ਨੇ ਕੈਨੇਡਾ ਵਿੱਚ ਪਾਇਲਟ ਬਣ ਕੇ ਪੰਜਾਬੀਆਂ ਦਾ ਵਧਾਇਆ ਮਾਣ

ਕੈਨੇਡਾ ਦੇ ਅਲਬਰਟਾ ਵਿੱਚ ਦਸਤਾਰ ਸਜਾ ਕੇ ਪਾਇਲਟ ਲਾਇਸੈਂਸ ਹਾਸਲ ਕਰਨ ਵਾਲਾ ਨੌਜਵਾਨ ਬਣਿਆ ਸਿੱਖ ਭਾਈਚਾਰੇ ਲਈ ਪ੍ਰੇਰਣਾ

 ਕਰਨ ਪ੍ਰਤਾਪ ਸਿੰਘ ਕਰਨ ਪ੍ਰਤਾਪ ਸਿੰਘ / Photo Courtesy

ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਰਹਿਣ ਵਾਲੇ 17 ਸਾਲਾ ਦਸਤਾਰਧਾਰੀ ਨੌਜਵਾਨ ਕਰਨ ਪ੍ਰਤਾਪ ਸਿੰਘ ਨੇ ਪਾਇਲਟ ਲਾਇਸੈਂਸ ਹਾਸਲ ਕਰਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਛੋਟੀ ਉਮਰ ਵਿੱਚ ਹਾਸਲ ਕੀਤੀ ਇਸ ਉਪਲੱਬਧੀ ਨੂੰ ਸਿੱਖ ਨੌਜਵਾਨਾਂ ਲਈ ਪ੍ਰੇਰਣਾਦਾਇਕ ਮੰਨਿਆ ਜਾ ਰਿਹਾ ਹੈ।

ਕਰਨ ਪ੍ਰਤਾਪ ਸਿੰਘ ਨੇ ਐਡਮਿੰਟਨ ਵਿੱਚ ਦਸਤਾਰ ਸਜਾ ਕੇ ਪਾਇਲਟ ਬਣਨ ਦਾ ਆਪਣਾ ਸੁਪਨਾ ਸਾਕਾਰ ਕੀਤਾ ਹੈ। ਉਸ ਦੀ ਇਹ ਕਾਮਯਾਬੀ ਇਸ ਗੱਲ ਦੀ ਮਿਸਾਲ ਬਣੀ ਹੈ ਕਿ ਦਸਤਾਰ ਕਿਸੇ ਵੀ ਮੰਜ਼ਿਲ ਦੇ ਰਾਹ ਵਿੱਚ ਰੁਕਾਵਟ ਨਹੀਂ, ਸਗੋਂ ਮਾਣ ਅਤੇ ਪਛਾਣ ਦਾ ਪ੍ਰਤੀਕ ਹੈ।

ਕਰਨ ਪ੍ਰਤਾਪ ਸਿੰਘ ਸਤਿੰਦਰ ‘ਸੁਕਰਾਤ’ ਦਾ ਵੱਡਾ ਸਪੁੱਤਰ ਹੈ। ਭਾਵੇਂ ਉਹ ਅਤੇ ਉਸ ਦਾ ਪਰਿਵਾਰ ਕੈਨੇਡਾ ਦੇ ਨਾਗਰਿਕ ਹਨ, ਪਰ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਕਰਨ ਪ੍ਰਤਾਪ ਦੇ ਦਾਦਾ ਪ੍ਰਸਿੱਧ ਸਾਹਿਤਕਾਰ ਬਲਵਿੰਦਰ ਬਾਲਮ ਗੁਰਦਾਸਪੁਰ ਦੇ ਉਂਕਾਰ ਨਗਰ ਨਾਲ ਸਬੰਧਤ ਹਨ। ਇਸ ਤਰ੍ਹਾਂ ਪਰਿਵਾਰਕ ਵਿਰਾਸਤ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨਾਲ ਜੁੜੀ ਰਹੀ ਹੈ।

ਕਰਨ ਦੇ ਪਿਤਾ ਸਤਿੰਦਰ ‘ਸੁਕਰਾਤ’ ਨੇ ਦੱਸਿਆ ਕਿ ਉਸ ਨੇ ਮਹਿਜ਼ 14 ਸਾਲ ਦੀ ਉਮਰ ਵਿੱਚ ਕੈਨੇਡਾ ਦੇ ਕੈਡੇਟ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ। ਕੈਡੇਟ ਵਜੋਂ ਉਸ ਨੇ ਅਨੁਸ਼ਾਸਨ, ਮਿਹਨਤ ਅਤੇ ਅਗਵਾਈ ਦੇ ਗੁਣਾਂ ਦੇ ਆਧਾਰ ’ਤੇ ਕਈ ਤਰੱਕੀਆਂ ਹਾਸਲ ਕੀਤੀਆਂ ਅਤੇ ਬਾਅਦ ਵਿੱਚ ਉਸ ਨੂੰ ਕੈਨੇਡਾ ਦਾ ਵੱਕਾਰੀ ਲਾਰਡ ਸਟ੍ਰੈਥਕੋਨਾ ਮੈਡਲ ਵੀ ਮਿਲਿਆ, ਜੋ ਸ਼ਾਨਦਾਰ ਪ੍ਰਦਰਸ਼ਨ ਅਤੇ ਸਮਰਪਣ ਲਈ ਦਿੱਤਾ ਜਾਂਦਾ ਹੈ।

ਕੈਡੇਟ ਸਿਖਲਾਈ ਦੌਰਾਨ ਮਿਲੇ ਤਜਰਬੇ ਨੇ ਕਰਨ ਦੇ ਪਾਇਲਟ ਬਣਨ ਦੇ ਸੁਪਨੇ ਨੂੰ ਹੋਰ ਮਜ਼ਬੂਤ ਕੀਤਾ। ਉਸ ਨੇ ਪਾਇਲਟ ਲਾਇਸੈਂਸ ਲਈ ਲੋੜੀਂਦੇ ਸਾਰੇ ਟੈਸਟ ਅਤੇ ਇੰਟਰਵਿਊ ਸਫਲਤਾਪੂਰਵਕ ਪਾਸ ਕੀਤੇ ਅਤੇ 17 ਸਾਲ ਦੀ ਉਮਰ ਵਿੱਚ ਹੀ ਪਾਇਲਟ ਲਾਇਸੈਂਸ ਹਾਸਲ ਕਰ ਲਿਆ।

ਹਵਾਬਾਜ਼ੀ ਤੋਂ ਇਲਾਵਾ ਕਰਨ ਪ੍ਰਤਾਪ ਖੇਡਾਂ ਵਿੱਚ ਵੀ ਸਰਗਰਮ ਹੈ। ਉਹ ਬਾਸਕਟਬਾਲ ਦਾ ਵਧੀਆ ਖਿਡਾਰੀ ਹੈ, ਜਦਕਿ ਵਾਲੀਬਾਲ ਅਤੇ ਜੈਵਲਿਨ ਥਰੋ ਵਿੱਚ ਵੀ ਆਪਣੀ ਕਾਬਲੀਅਤ ਦਿਖਾ ਚੁੱਕਾ ਹੈ। ਉਹ ਸ਼ਹਿਰ ਪੱਧਰੀ ਭੰਗੜਾ ਟੀਮ ਦਾ ਵੀ ਹਿੱਸਾ ਰਹਿ ਚੁੱਕਾ ਹੈ। ਐਰੋਰਾ ਚਾਰਟਰ ਸਕੂਲ ਵਿੱਚ ਪੜ੍ਹਾਈ ਦੌਰਾਨ ਵੀ ਉਸ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਈ ਸਨਮਾਨ ਹਾਸਲ ਕੀਤੇ।

ਹੁਣ ਕਰਨ ਪ੍ਰਤਾਪ ਸਿੰਘ ਦੀਆਂ ਨਜ਼ਰਾਂ ਇੱਕ ਹੋਰ ਵੱਡੇ ਸੁਪਨੇ ’ਤੇ ਹਨ। ਉਹ ਅਲਬਰਟਾ ਯੂਨੀਵਰਸਿਟੀ ਵਿੱਚ ਡਾਕਟਰੀ ਦੀ ਪੜ੍ਹਾਈ ਕਰਕੇ ਭਵਿੱਖ ਵਿੱਚ ਡਾਕਟਰ ਬਣਨਾ ਚਾਹੁੰਦਾ ਹੈ। ਉਸ ਦੀ ਇਹ ਯਾਤਰਾ ਸਿੱਖ ਅਤੇ ਪੰਜਾਬੀ ਨੌਜਵਾਨਾਂ ਲਈ ਇਹ ਸੰਦੇਸ਼ ਦਿੰਦੀ ਹੈ ਕਿ ਮਿਹਨਤ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਛੋਟੀ ਉਮਰ ਵਿੱਚ ਵੀ ਵੱਡੀਆਂ ਮੰਜ਼ਿਲਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

Comments

Leave A Comment

Required fields are marked (*).

Related

Talk to us?