ਅਰਸ਼ਦੀਪ ਸਿੰਘ ਡਾਂਗ / Photo Courtesy
ਚੰਡੀਗੜ੍ਹ ਵਿੱਚ ਜਨਮੇ 28 ਸਾਲਾ ਫਲਾਈਟ ਲੈਫਟੀਨੈਂਟ ਅਰਸ਼ਦੀਪ ਸਿੰਘ ਡਾਂਗ ਨੇ ਬ੍ਰਿਟਿਸ਼ ਰਾਇਲ ਏਅਰ ਫੋਰਸ (RAF) ਵਿੱਚ ਇੱਕ ਇਤਿਹਾਸਕ ਮੀਲਪੱਥਰ ਕਾਇਮ ਕੀਤਾ ਹੈ। ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ RAF ਵਿੱਚ ਲੜਾਕੂ ਪਾਇਲਟ ਵਜੋਂ ਯੋਗਤਾ ਹਾਸਲ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣ ਗਏ ਹਨ। ਰਾਇਲ ਏਅਰ ਫੋਰਸ ਮੁਤਾਬਕ ਦੂਜੀ ਆਲਮੀ ਜੰਗ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਸਿੱਖ ਅਧਿਕਾਰੀ ਨੇ ਲੜਾਕੂ ਸਕੁਐਡਰਨ ਤੋਂ ਵਿੰਗਾਂ ਲਈ ਯੋਗਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਉੱਤਰੀ ਵੇਲਜ਼ ਸਥਿਤ ‘RAF ਵੈਲੀ’ ਵਿੱਚ ਕਰਵਾਏ ਗਏ ਫਾਸਟ ਜੈੱਟ ਪਾਇਲਟ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਆਪਣੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕੀਤੀ।
ਅਰਸ਼ਦੀਪ ਸਿੰਘ 1998 ਵਿੱਚ ਮਹਿਜ਼ ਛੇ ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਚੰਡੀਗੜ੍ਹ ਤੋਂ ਯੂਕੇ ਚਲੇ ਗਏ ਸਨ। ਉਨ੍ਹਾਂ ਨੇ ਬ੍ਰਿਸਟਲ ਯੂਨੀਵਰਸਿਟੀ ਤੋਂ ਗਣਿਤ ਅਤੇ ਦਰਸ਼ਨ ਸ਼ਾਸਤਰ ਵਿੱਚ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਫਰਵਰੀ 2022 ਵਿੱਚ ਅਫ਼ਸਰ ਸਿਖਲਾਈ ਅਤੇ 2023 ਵਿੱਚ ਸ਼ੁਰੂਆਤੀ ਉਡਾਣ ਸਿਖਲਾਈ ਪੂਰੀ ਕੀਤੀ। ਸਾਲ 2024 ਵਿੱਚ ਤੇਜ਼ ਜੈੱਟ ਸਟ੍ਰੀਮ ਲਈ ਚੁਣੇ ਜਾਣ ਮਗਰੋਂ ਉਨ੍ਹਾਂ ਨੇ ਅਮਰੀਕਾ ਦੇ ਟੈਕਸਾਸ ਵਿੱਚ ਵੀ ਵਿਸ਼ੇਸ਼ ਸਿਖਲਾਈ ਹਾਸਲ ਕੀਤੀ ਅਤੇ ਜੁਲਾਈ 2026 ਵਿੱਚ ਆਪਣਾ ਵਿੰਗ ਟੈਸਟ ਪਾਸ ਕੀਤਾ।
ਆਪਣੀ ਇਸ ਇਤਿਹਾਸਕ ਪ੍ਰਾਪਤੀ ’ਤੇ ਮਾਣ ਜ਼ਾਹਰ ਕਰਦਿਆਂ ਅਰਸ਼ਦੀਪ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਰਦਾਰ ਸੰਤੋਖ ਸਿੰਘ ਡਾਂਗ ਦਾ ਸੁਪਨਾ ਸੀ ਕਿ ਪਰਿਵਾਰ ਵਿੱਚੋਂ ਕੋਈ ਪਾਇਲਟ ਬਣੇ। ਉਨ੍ਹਾਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪਰਿਵਾਰ ਦੇ ਸਹਿਯੋਗ ਅਤੇ ਸਿੱਖ ਪਾਲਣ-ਪੋਸ਼ਣ ਨੂੰ ਦਿੰਦਿਆਂ ਕਿਹਾ ਕਿ ਉਹ ਕੌਮਾਂਤਰੀ ਪੱਧਰ ’ਤੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰਨ ’ਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਵਿੱਖ ਵਿੱਚ ਹੋਰ ਵੀ ਨੌਜਵਾਨ ਇਸ ਖੇਤਰ ਵਿੱਚ ਅੱਗੇ ਆਉਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login