ADVERTISEMENT

ADVERTISEMENT

ਕਾਕਰੋਚ ਜਨਤਾ ਪਾਰਟੀ ਦਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਮੁੜ ਸ਼ੁਰੂ

ਪੁਲੀਸ 'ਤੇ ਟੈਂਟ ਪੁੱਟਣ ਅਤੇ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਦੇ ਦੋਸ਼, ਹਿੰਸਾ 'ਚ 118 ਪੁਲੀਸ ਕਰਮੀ ਜ਼ਖ਼ਮੀ ਹੋਣ ਦਾ ਪੁਲੀਸ ਦਾ ਦਾਅਵਾ

 ਕਾਕਰੋਚ ਜਨਤਾ ਪਾਰਟੀ ਦਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਮੁੜ ਸ਼ੁਰੂ ਕਾਕਰੋਚ ਜਨਤਾ ਪਾਰਟੀ ਦਾ ਜੰਤਰ ਮੰਤਰ 'ਤੇ ਪ੍ਰਦਰਸ਼ਨ ਮੁੜ ਸ਼ੁਰੂ / Photo Courtesy

ਕਾਕਰੋਚ ਜਨਤਾ ਪਾਰਟੀ ਨੇ ਦਿੱਲੀ ਦੇ ਜੰਤਰ ਮੰਤਰ 'ਤੇ ਸੋਮਵਾਰ ਰਾਤ ਕਰੀਬ 11 ਵਜੇ ਆਪਣਾ ਪ੍ਰਦਰਸ਼ਨ ਮੁੜ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਕਾਕਰੋਚ ਜਨਤਾ ਪਾਰਟੀ ਦੇ ਕਾਰਕੁਨਾਂ ਨੇ ਸਵੇਰ ਤੋਂ ਸ਼ਾਮ ਤੱਕ ਸੰਸਦ ਭਵਨ ਵੱਲ ਕਈ ਵਾਰ ਮਾਰਚ ਕਰਨ ਦੀ ਕੋਸ਼ਿਸ਼ ਕੀਤੀ, ਪਰ ਸੁਰੱਖਿਆ ਬਲਾਂ ਨੇ ਉਨ੍ਹਾਂ 'ਤੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਦਾਗੇ। ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀ ਮੁੜ ਜੰਤਰ ਮੰਤਰ 'ਤੇ ਡਟ ਗਏ।

 

ਕਾਕਰੋਚ ਜਨਤਾ ਪਾਰਟੀ ਦਾ ਦੋਸ਼ ਹੈ ਕਿ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਦੇ ਟੈਂਟ ਪੁੱਟ ਦਿੱਤੇ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ।

 

ਜਾਣਕਾਰੀ ਅਨੁਸਾਰ ਕਾਕਰੋਚ ਜਨਤਾ ਪਾਰਟੀ ਦੇ ਕਾਰਕੁਨਾਂ ਅਤੇ ਹੋਰਨਾਂ ਨੇ ਮੁੜ ਜੰਤਰ ਮੰਤਰ ਪਹੁੰਚ ਕੇ ਸਟੇਜ ਬਣਾਇਆ ਅਤੇ ਉੱਥੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਜੰਤਰ ਮੰਤਰ ਵੱਲ ਪਹੁੰਚੇ।

 

ਨਵੀਂ ਦਿੱਲੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ 'ਸੰਸਦ ਚਲੋ' ਪ੍ਰਦਰਸ਼ਨ ਦੌਰਾਨ ਹਿੰਸਾ ਭੜਕਣ ਕਾਰਨ ਕਈ ਸੀਨੀਅਰ ਅਧਿਕਾਰੀਆਂ ਸਮੇਤ 118 ਤੋਂ ਵੱਧ ਪੁਲੀਸ ਕਰਮਚਾਰੀ ਜ਼ਖ਼ਮੀ ਹੋ ਗਏ ਅਤੇ ਲਗਭਗ 70 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਜਾਣਕਾਰੀ ਦਿੱਲੀ ਪੁਲੀਸ ਨੇ ਸਾਂਝੀ ਕੀਤੀ ਹੈ।

 

ਦਿੱਲੀ ਪੁਲੀਸ ਨੇ ਅੰਕੜੇ ਅਤੇ ਘਟਨਾ ਦਾ ਵੇਰਵਾ ਸਾਂਝਾ ਕਰਦਿਆਂ ਜਾਰੀ ਬਿਆਨ ਵਿੱਚ ਪ੍ਰਦਰਸ਼ਨਕਾਰੀਆਂ 'ਤੇ ਪ੍ਰਦਰਸ਼ਨ ਦੌਰਾਨ ਅਨੁਸ਼ਾਸਨਹੀਣਤਾ, ਹਮਲਾਵਰ ਅਤੇ ਹਿੰਸਕ ਵਿਹਾਰ ਕਰਨ, ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕਰਨ ਅਤੇ ਸਰਕਾਰੀ ਵਾਹਨਾਂ ਸਮੇਤ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ।

 

ਪੁਲੀਸ ਦੇ ਬਿਆਨ ਵਿੱਚ ਕਿਹਾ ਗਿਆ ਕਿ ਨਵੀਂ ਦਿੱਲੀ ਖੇਤਰ ਵਿੱਚ ਸੀਜੇਪੀ ਦੇ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅਨੁਸ਼ਾਸਨਹੀਣ, ਹਮਲਾਵਰ ਅਤੇ ਹਿੰਸਕ ਰਵੱਈਆ ਅਪਣਾਇਆ। ਪੁਲੀਸ ਵੱਲੋਂ ਵਾਰ-ਵਾਰ ਦਿੱਤੀਆਂ ਗਈਆਂ ਚਿਤਾਵਨੀਆਂ ਅਤੇ ਕਾਨੂੰਨੀ ਨਿਰਦੇਸ਼ਾਂ ਦੇ ਬਾਵਜੂਦ ਉਨ੍ਹਾਂ ਨੇ ਉੱਥੋਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਕਮਾਂ ਦੀ ਜਾਣਬੁੱਝ ਕੇ ਉਲੰਘਣਾ ਕੀਤੀ।

 

ਪੁਲੀਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਕਰਮਚਾਰੀਆਂ 'ਤੇ ਪੱਥਰਾਂ ਆਦਿ ਨਾਲ ਹਮਲਾ ਕੀਤਾ, ਪੁਲੀਸ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਪੁਲੀਸ ਅਤੇ ਹੋਰ ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ, ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਅਤੇ ਵੱਡੇ ਪੱਧਰ 'ਤੇ ਹਿੰਸਾ ਕੀਤੀ। ਇਸ ਨਾਲ ਜਨਤਕ ਵਿਵਸਥਾ, ਮੌਜੂਦਾ ਸੁਰੱਖਿਆ ਪ੍ਰਬੰਧਾਂ ਅਤੇ ਕਾਨੂੰਨੀ ਡਿਊਟੀ ਨਿਭਾ ਰਹੇ ਪੁਲੀਸ ਕਰਮਚਾਰੀਆਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ।

 

ਪੁਲੀਸ ਨੇ ਦੱਸਿਆ ਕਿ ਇਸ ਹਿੰਸਾ ਵਿੱਚ 118 ਤੋਂ ਵੱਧ ਪੁਲੀਸ ਕਰਮਚਾਰੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਸਪੈਸ਼ਲ ਪੁਲੀਸ ਕਮਿਸ਼ਨਰ, ਜੁਆਇੰਟ ਪੁਲੀਸ ਕਮਿਸ਼ਨਰ, ਐਡੀਸ਼ਨਲ ਪੁਲੀਸ ਕਮਿਸ਼ਨਰ, ਡਿਪਟੀ ਪੁਲੀਸ ਕਮਿਸ਼ਨਰ (ਡੀਸੀਪੀ), ਐਡੀਸ਼ਨਲ ਡਿਪਟੀ ਪੁਲੀਸ ਕਮਿਸ਼ਨਰ ਅਤੇ ਅਸਿਸਟੈਂਟ ਪੁਲੀਸ ਕਮਿਸ਼ਨਰ ਰੈਂਕ ਦੇ ਸੀਨੀਅਰ ਅਧਿਕਾਰੀ ਅਤੇ ਕਈ ਮਹਿਲਾ ਪੁਲੀਸ ਕਰਮੀ ਵੀ ਸ਼ਾਮਲ ਹਨ।

 

ਇਸ ਝੜਪ ਦੌਰਾਨ ਲਗਭਗ 60 ਪ੍ਰਦਰਸ਼ਨਕਾਰੀਆਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬਾਕੀ ਜ਼ਖ਼ਮੀ ਪੁਲੀਸ ਕਰਮਚਾਰੀਆਂ ਦੀ ਮੈਡੀਕਲ-ਲੀਗਲ ਜਾਂਚ (ਐਮਐਲਸੀ) ਕੀਤੀ ਜਾ ਰਹੀ ਹੈ।

 

ਪੁਲੀਸ ਮੁਤਾਬਕ ਹਿੰਸਕ ਭੀੜ ਨੇ ਜਨਤਕ ਸੰਪਤੀ ਦਾ ਵੀ ਭਾਰੀ ਨੁਕਸਾਨ ਕੀਤਾ। ਪੁਲੀਸ ਨੇ ਕਿਹਾ, "ਹਿੰਸਕ ਭੀੜ ਨੇ ਜਨਤਕ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ। ਘਟਨਾ ਦੌਰਾਨ ਹੋਰ ਸਰਕਾਰੀ ਸੰਪਤੀ ਦੇ ਨਾਲ-ਨਾਲ ਲਗਭਗ 15 ਤੋਂ 20 ਸਰਕਾਰੀ ਵਾਹਨਾਂ ਦੀ ਭੰਨਤੋੜ ਕੀਤੀ ਗਈ।"

Comments

Leave A Comment

Required fields are marked (*).

Related

Talk to us?