ADVERTISEMENT

ADVERTISEMENT

ਤੇਜਾ ਸਿੰਘ ਸਮੁੰਦਰੀ ਦੀ ਜੀਵਨੀ ‘ਤੇ ਅਧਾਰਤ ਕਿਤਾਬ ਦਾ ਅੰਗਰੇਜ਼ੀ ਸੰਸਕਰਣ ਜਾਰੀ

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਾਦਗੀ, ਸੇਵਾ ਅਤੇ ਸਮਰਪਣ ਦੀ ਮਿਸਾਲ ਹੈ

 ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਇਆ ਵਿਸ਼ੇਸ਼ ਸੈਮੀਨਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਇਆ ਵਿਸ਼ੇਸ਼ ਸੈਮੀਨਾਰ / Staff Reporter

ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿੱਚ ਸ: ਤੇਜਾ ਸਿੰਘ ਸਮੁੰਦਰੀ ਦੇ ਜੀਵਨ ਅਤੇ ਯੋਗਦਾਨ ‘ਤੇ ਅਧਾਰਤ ਇੱਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਪ੍ਰੋਗਰਾਮ ਦੌਰਾਨ ਸਮੁੰਦਰੀ ਜੀ ਦੀ ਜੀਵਨੀ ‘ਤੇ ਅਧਾਰਤ ਕਿਤਾਬ ਦਾ ਅੰਗਰੇਜ਼ੀ ਸੰਸਕਰਣ ਵੀ ਲਾਂਚ ਕੀਤਾ ਗਿਆ, ਜਿਸ ਰਾਹੀਂ ਉਨ੍ਹਾਂ ਦੇ ਜੀਵਨ ਸੰਘਰਸ਼ ਅਤੇ ਸਮਾਜਿਕ ਯੋਗਦਾਨ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਸੈਮੀਨਾਰ ਦੌਰਾਨ ਵੱਖ-ਵੱਖ ਵਕਤਾਵਾਂ ਨੇ ਸਰਦਾਰ ਤੇਜਾ ਸਿੰਘ ਸਮੁੰਦਰੀ ਦੇ ਜੀਵਨ ਦੇ ਵੱਖਰੇ ਪੱਖਾਂ ‘ਤੇ ਰੌਸ਼ਨੀ ਪਾਈ। ਉਨ੍ਹਾਂ ਨੂੰ ਇੱਕ ਅਜਿਹੇ ਮਹਾਨ ਵਿਅਕਤੀ ਵਜੋਂ ਯਾਦ ਕੀਤਾ ਗਿਆ ਜਿਸ ਨੇ ਆਪਣੀ ਨੌਕਰੀ ਛੱਡ ਕੇ ਸਮਾਜ ਸੇਵਾ, ਸਿੱਖਿਆ ਅਤੇ ਕੌਮੀ ਹਿੱਤਾਂ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ। ਉਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਲੋਕਾਂ ਨੂੰ ਆਪਣੇ ਧਾਰਮਿਕ ਅਧਿਕਾਰਾਂ ਲਈ ਜਾਗਰੂਕ ਕੀਤਾ।

ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਾਦਗੀ, ਸੇਵਾ ਅਤੇ ਸਮਰਪਣ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਹਾਨ ਵਿਅਕਤੀਆਂ ਦੀਆਂ ਜੀਵਨ ਕਥਾਵਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਹਰ ਵਰਗ ਦਾ ਵਿਅਕਤੀ ਉਨ੍ਹਾਂ ਤੋਂ ਪ੍ਰੇਰਣਾ ਲੈ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਪੁਰਖਿਆਂ ਦੇ ਬਲਿਦਾਨਾਂ ਅਤੇ ਸੰਘਰਸ਼ਾਂ ਬਾਰੇ ਆਉਣ ਵਾਲੀਆਂ ਪੀੜੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ।

ਇਸ ਮੌਕੇ ਦਿੱਲੀ ਦੇ ਐਲ.ਜੀ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਸਰਦਾਰ ਤੇਜਾ ਸਿੰਘ ਸਮੁੰਦਰੀ ਦੀ ਜੀਵਨੀ ਸਿਰਫ ਇਤਿਹਾਸ ਨਹੀਂ, ਸਗੋਂ ਯੂਥ ਲਈ ਇੱਕ ਮਾਰਗਦਰਸ਼ਕ ਹੈ। ਉਨ੍ਹਾਂ ਦੱਸਿਆ ਕਿ 1920 ਤੋਂ 1926 ਦੇ ਦੌਰਾਨ ਗੁਰਦੁਆਰਾ ਸੁਧਾਰ ਅੰਦੋਲਨ ਰਾਹੀਂ ਲੋਕਾਂ ਨੂੰ ਵੋਟ ਦੇ ਅਧਿਕਾਰ ਮਿਲੇ ਅਤੇ ਇਸ ਵਿੱਚ ਔਰਤਾਂ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਉਸ ਸਮੇਂ ਲਈ ਇਕ ਵੱਡੀ ਉਪਲਬਧੀ ਸੀ। ਉਨ੍ਹਾਂ ਨੇ ਸਿੱਖਿਆ, ਮਹਿਲਾ ਸਸ਼ਕਤੀਕਰਨ, ਯੂਥ ਵਿਕਾਸ ਅਤੇ ਦਲਿਤ ਹੱਕਾਂ ਦੇ ਖੇਤਰ ਵਿੱਚ ਸਮੁੰਦਰੀ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ 1917 ਵਿੱਚ ਬਣੇ ਸਕੂਲ ਅੱਜ ਵੀ ਉਨ੍ਹਾਂ ਦੀ ਸੋਚ ਦਾ ਪ੍ਰਮਾਣ ਹਨ ਅਤੇ ਇਹ ਦਰਸਾਉਂਦੇ ਹਨ ਕਿ ਉਹ ਸਿੱਖਿਆ ਨੂੰ ਸਮਾਜ ਦੇ ਵਿਕਾਸ ਦੀ ਕੁੰਜੀ ਮੰਨਦੇ ਸਨ।

ਪ੍ਰੋਗਰਾਮ ਦੌਰਾਨ ਇਹ ਵੀ ਜ਼ੋਰ ਦਿੱਤਾ ਗਿਆ ਕਿ ਅਜਿਹੀਆਂ ਕਿਤਾਬਾਂ ਅਤੇ ਸੈਮੀਨਾਰ ਯੂਥ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅੰਤ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਜਤਾਈ ਗਈ।

Comments

Leave A Comment

Required fields are marked (*).

Related

Talk to us?