ADVERTISEMENT

ADVERTISEMENT

ਸਾਬਕਾ ਮੰਤਰੀ ਬਿਕਰਮ ਮਜੀਠੀਆ 7 ਮਹੀਨਿਆਂ ਬਾਅਦ ਜੇਲ੍ਹ ਤੋਂ ਆਏ ਬਾਹਰ

ਰਿਹਾਈ ਤੋਂ ਬਾਅਦ ਮਜੀਠੀਆ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ

 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ / IANS

ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ 7 ਮਹੀਨਿਆਂ ਬਾਅਦ ਮੰਗਲਵਾਰ (3 ਫਰਵਰੀ) ਨੂੰ ਦੁਪਹਿਰ 2 ਵਜੇ ਪਟਿਆਲਾ ਦੀ ਨਾਭਾ ਜੇਲ੍ਹ ਤੋਂ ਬਾਹਰ ਆ ਗਏ। ਬਾਹਰ ਆਉਂਦੇ ਹੀ ਉਨ੍ਹਾਂ ਨੇ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਮੁੱਛਾਂ ਨੂੰ ਵੱਟ ਦਿੱਤਾ।

ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੇਂਜ ਕਰਦਿਆਂ ਕਿਹਾ, "ਜੇਕਰ ਮਾਨ ਵਿੱਚ ਦਮ ਹੈ ਤਾਂ ਉਹ ਮਜੀਠਾ ਤੋਂ ਮੇਰੇ ਖ਼ਿਲਾਫ਼ ਚੋਣ ਲੜਨ, ਫਿਰ ਸਵਾਦ ਆਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਿੱਲੀ ਦੇ ਇਸ਼ਾਰਿਆਂ 'ਤੇ ਨਹੀਂ ਚੱਲੇਗਾ ਅਤੇ ਕੇਜਰੀਵਾਲ, ਜੋ ਖੁਦ ਦਿੱਲੀ ਹਾਰ ਚੁੱਕਾ ਹੈ, ਉਸਦੇ ਹੁਕਮ ਇੱਥੇ ਨਹੀਂ ਚੱਲਣਗੇ।

ਉਨ੍ਹਾਂ ਕਿਹਾ, "ਸਰਕਾਰ ਚਾਹੁੰਦੀ ਸੀ ਕਿ ਮੈਂ ਜਿਉਂਦਾ ਬਾਹਰ ਨਾ ਆਵਾਂ। ਜੇਕਰ ਮਾਨ ਦਾ ਵੱਸ ਚੱਲਦਾ ਤਾਂ ਉਹ ਮੈਨੂੰ ਵੀ ਸਿੱਧੂ ਮੂਸੇਵਾਲਾ ਵਾਂਗ ਮਰਵਾ ਦਿੰਦਾ। ਪਰ ਮੈਂ ਨਾ ਰੁਕਾਂਗਾ, ਨਾ ਝੁਕਾਂਗਾ। ਮੈਂ ਜੇਲ੍ਹ ਵਿੱਚ 'ਤਰੀ ਵਾਲੇ ਬੈਂਗਣ' ਖਾ ਕੇ ਗੁਜ਼ਾਰਾ ਕਰ ਲਿਆ, ਪਰ ਭਗਵੰਤ ਮਾਨ ਤੇਰਾ ਕੀ ਬਣੂ? ਮੈਂ ਤਾਂ ਜੇਲ੍ਹ ਵਿੱਚ ਵੀ ਮਾਨ ਅਤੇ ਕੇਜਰੀਵਾਲ ਦੇ ਨਾਮ ਵਾਲੇ ਸਿਰਹਾਣੇ ਗੋਡਿਆਂ ਹੇਠ ਰੱਖ ਕੇ ਸੌਂਦਾ ਸੀ।"

ਮਜੀਠੀਆ ਨੇ ਕਿਹਾ, "ਮੇਰੇ 'ਤੇ ਨਜ਼ਰ ਰੱਖਣ ਲਈ ਜੇਲ੍ਹ ਵਿੱਚ 32 ਕੈਮਰੇ ਲਗਾਏ ਗਏ ਸਨ। ਇਸ ਗੈਰ-ਕਾਨੂੰਨੀ ਕਾਰਵਾਈ ਖ਼ਿਲਾਫ਼ ਮੈਂ ਹਾਈਕੋਰਟ ਜਾਵਾਂਗਾ।” ਮਜੀਠੀਆ ਨੇ ਸੁਪਰੀਮ ਕੋਰਟ ਅਤੇ UPSC ਨੂੰ ਅਪੀਲ ਕੀਤੀ ਕਿ ਪੰਜਾਬ ਦੇ 'ਐਡਹਾਕ' ਡੀਜੀਪੀ ਨੂੰ ਤੁਰੰਤ ਹਟਾਇਆ ਜਾਵੇ ਕਿਉਂਕਿ ਉਹ ਸਿਰਫ਼ ਕੇਜਰੀਵਾਲ ਅਤੇ ਮਾਨ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ।

ਜੇਲ੍ਹ ਤੋਂ ਬਾਹਰ ਆ ਕੇ ਮਜੀਠੀਆ ਨੇ ਜੇਲ੍ਹ ਸਟਾਫ ਅਤੇ ਕੈਦੀਆਂ ਤੋਂ ਮੁਆਫੀ ਵੀ ਮੰਗੀ ਜੇਕਰ ਉਨ੍ਹਾਂ ਨੂੰ ਮਜੀਠੀਆ ਕਰਕੇ ਕੋਈ ਮੁਸ਼ਕਲ ਹੋਈ ਹੋਵੇ। ਉਨ੍ਹਾਂ ਨੇ ਡੇਰਾ ਬਿਆਸ ਦੇ ਮੁਖੀ ਅਤੇ ਆਪਣੀ ਪਤਨੀ ਦਾ ਔਖੇ ਸਮੇਂ ਸਾਥ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵਿਰੁੱਧ ਲੜਨਾ ਮੁਸ਼ਕਲ ਹੈ, ਪਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਸਾਨੂੰ ਸੱਚ ਦੀ ਰਾਹ 'ਤੇ ਨਿਡਰ ਹੋ ਕੇ ਚੱਲਣ ਦੀ ਸਿੱਖਿਆ ਦਿੰਦੀ ਹੈ। ਰਿਹਾਈ ਤੋਂ ਬਾਅਦ ਮਜੀਠੀਆ ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ। 

Comments

Leave A Comment

Required fields are marked (*).

Related

Talk to us?