ADVERTISEMENT

ADVERTISEMENT

ਹਾਕੀ ਵਿਸ਼ਵ ਕੱਪ: ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ

5-3 ਨਾਲ ਹਰਾਕੇ ਦੂਜੇ ਗੇੜ ਵਿੱਚ ਬਣਾਈ ਜਗ੍ਹਾ

 ਹਾਕੀ ਵਿਸ਼ਵ ਕੱਪ: ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਹਾਕੀ ਵਿਸ਼ਵ ਕੱਪ: ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ / Photo Courtesy

ਭਾਰਤੀ ਹਾਕੀ ਟੀਮ ਨੇ ਐੱਫਆਈਐੱਚ ਹਾਕੀ ਵਿਸ਼ਵ ਕੱਪ ਦੇ ਪੂਲ ਡੀ ਮੁਕਾਬਲੇ ਵਿੱਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 5-3 ਨਾਲ ਹਰਾ ਕੇ ਦੂਜੇ ਗੇੜ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਸ ਹਾਰ ਨਾਲ ਪਾਕਿਸਤਾਨੀ ਟੀਮ ਦਾ ਟੂਰਨਾਮੈਂਟ ਵਿੱਚ ਅੱਗੇ ਵਧਣ ਦਾ ਰਾਹ ਲਗਭਗ ਬੰਦ ਹੋ ਗਿਆ ਹੈ। ਪਿਛਲੇ ਇੱਕ ਦਹਾਕੇ ਦੌਰਾਨ ਭਾਰਤ ਪਾਕਿਸਤਾਨ ਖ਼ਿਲਾਫ਼ ਇੱਕ ਵੀ ਮੁਕਾਬਲਾ ਨਹੀਂ ਹਾਰਿਆ।

ਵੈਗਨਰ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਈ ਰੱਖਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ ਪੰਜਵੇਂ ਅਤੇ 21ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਰਾਹੀਂ ਦੋ ਗੋਲ ਕੀਤੇ, ਜਦਕਿ ਅਭਿਸ਼ੇਕ ਨੇ 11ਵੇਂ ਅਤੇ 24ਵੇਂ ਮਿੰਟ ਵਿੱਚ ਦੋ ਸ਼ਾਨਦਾਰ ਫੀਲਡ ਗੋਲ ਕਰਕੇ ਟੀਮ ਨੂੰ ਮਜ਼ਬੂਤ ਬੜ੍ਹਤ ਦਿਵਾਈ। ਭਾਰਤ ਲਈ ਪੰਜਵਾਂ ਗੋਲ ਹਾਰਦਿਕ ਸਿੰਘ ਨੇ ਮੈਚ ਦੇ 34ਵੇਂ ਮਿੰਟ ਵਿੱਚ ਪੈਨਲਟੀ ਸਟਰੋਕ ਰਾਹੀਂ ਕੀਤਾ, ਜਿਸ ਨਾਲ ਟੀਮ ਦੀ ਪਕੜ ਹੋਰ ਮਜ਼ਬੂਤ ਹੋ ਗਈ।

ਪਾਕਿਸਤਾਨੀ ਟੀਮ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਉਹ ਸਿਰਫ਼ ਤਿੰਨ ਗੋਲ ਹੀ ਕਰ ਸਕੀ। ਪਾਕਿਸਤਾਨ ਵੱਲੋਂ ਹਨਾਨ ਸ਼ਾਹਿਦ ਨੇ 22ਵੇਂ ਅਤੇ 46ਵੇਂ ਮਿੰਟ ਵਿੱਚ ਦੋ ਫੀਲਡ ਗੋਲ ਕੀਤੇ, ਜਦਕਿ ਸੂਫੀਆਨ ਸ਼ੇਖ ਨੇ 24ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ।

ਪੂਲ ਡੀ ਵਿੱਚੋਂ ਭਾਰਤ ਅਤੇ ਇੰਗਲੈਂਡ ਨੇ ਦੂਜੇ ਗੇੜ ਲਈ ਕੁਆਲੀਫਾਈ ਕਰ ਲਿਆ ਹੈ। ਹਾਲਾਂਕਿ ਇੰਗਲੈਂਡ ਖ਼ਿਲਾਫ਼ ਹਾਰ ਕਾਰਨ ਭਾਰਤੀ ਟੀਮ ਦੂਜੇ ਗੇੜ ਵਿੱਚ ਕੋਈ ਅੰਕ ਆਪਣੇ ਨਾਲ ਨਹੀਂ ਲਿਜਾ ਸਕੇਗੀ।

ਦੂਜੇ ਪਾਸੇ, ਅੱਠ ਸਾਲ ਬਾਅਦ ਹਾਕੀ ਵਿਸ਼ਵ ਕੱਪ ਵਿੱਚ ਵਾਪਸੀ ਕਰਨ ਵਾਲੀ ਪਾਕਿਸਤਾਨੀ ਟੀਮ ਲਈ ਇਹ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ ਸੀ, ਪਰ ਉਸ ਨੂੰ ਇਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

Comments

Leave A Comment

Required fields are marked (*).

Related

Talk to us?