ADVERTISEMENT

ADVERTISEMENT

"ਮੈਂ ਕੁਝ ਨਹੀਂ ਦੇਖਿਆ ਅਤੇ ਨਾ ਹੀ ਕੁਝ ਗਲਤ ਕੀਤਾ": ਐਪਸਟੀਨ ਨਾਲ ਸਬੰਧਾਂ ਬਾਰੇ ਬਿੱਲ ਕਲਿੰਟਨ ਦੀ ਗਵਾਹੀ

ਐਪਸਟੀਨ ਫਾਈਲਾਂ ਵਿੱਚ ਕਈ ਵਾਰ ਨਾਂਅ ਆਉਣ ਦੇ ਮਾਮਲੇ 'ਚ ਟਰੰਪ ਤੋਂ ਪੁੱਛਗਿੱਛ ਕਰਨ ਦੀ ਮੰਗ ਨੇ ਫੜਿਆ ਤੂਲ

ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ ਨੇ 27 ਫਰਵਰੀ ਨੂੰ 'ਹਾਊਸ ਓਵਰਸਾਈਟ ਕਮੇਟੀ' ਸਾਹਮਣੇ ਬੰਦ ਕਮਰਾ ਸੁਣਵਾਈ ਦੌਰਾਨ ਜੈਫਰੀ ਐਪਸਟੀਨ ਨਾਲ ਆਪਣੇ ਸਬੰਧਾਂ ਬਾਰੇ ਅਹਿਮ ਗਵਾਹੀ ਦਿੱਤੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਐਪਸਟੀਨ ਦੇ ਅਪਰਾਧਿਕ ਕੰਮਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਬਿੱਲ ਕਲਿੰਟਨ ਦਿੱਤੀ ਗਵਾਹੀ ਵਿਚ ਕਿਹਾ, "ਮੈਨੂੰ ਐਪਸਟੀਨ ਦੇ ਗੁਨਾਹਾਂ ਦਾ ਕੋਈ ਅੰਦਾਜ਼ਾ ਨਹੀਂ ਸੀ।” ਬਿੱਲ ਕਲਿੰਟਨ ਨੇ ਕਮੇਟੀ ਨੂੰ ਦੱਸਿਆ ਕਿ ਜਦੋਂ ਉਹ ਐਪਸਟੀਨ ਦੇ ਨਾਲ ਸਨ, ਤਾਂ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਦੇਖਿਆ ਜਿਸ ਨਾਲ ਉਨ੍ਹਾਂ ਨੂੰ ਕੋਈ ਸ਼ੱਕ ਹੁੰਦਾ। ਉਨ੍ਹਾਂ ਕਿਹਾ, "ਮੈਂ ਕੁਝ ਨਹੀਂ ਦੇਖਿਆ ਅਤੇ ਮੈਂ ਕੁਝ ਵੀ ਗਲਤ ਨਹੀਂ ਕੀਤਾ।" ਕਲਿੰਟਨ ਨੇ ਮੰਨਿਆ ਕਿ ਉਨ੍ਹਾਂ ਨੇ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕਈ ਵਾਰ ਐਪਸਟੀਨ ਦੇ ਨਿੱਜੀ ਜਹਾਜ਼ ਵਿੱਚ ਸਫਰ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਾਬਾਲਗ ਲੜਕੀਆਂ ਦੀ ਜਿਨਸੀ ਤਸਕਰੀ ਬਾਰੇ ਪਤਾ ਹੁੰਦਾ, ਤਾਂ ਉਹ ਕਦੇ ਵੀ ਉਸ ਦੇ ਜਹਾਜ਼ ਵਿੱਚ ਨਹੀਂ ਚੜ੍ਹਦੇ ਅਤੇ ਤੁਰੰਤ ਰਿਪੋਰਟ ਕਰਦੇ। ਕਲਿੰਟਨ ਅਨੁਸਾਰ, ਐਪਸਟੀਨ ਨੇ ਆਪਣੇ ਅਪਰਾਧਾਂ ਨੂੰ ਇੰਨੀ ਚੰਗੀ ਤਰ੍ਹਾਂ ਲੁਕਾ ਕੇ ਰੱਖਿਆ ਹੋਇਆ ਸੀ ਕਿ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ।

ਕਮੇਟੀ ਦੇ ਚੇਅਰਮੈਨ ਜੇਮਸ ਕਾਮਰ ਨੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਉਨ੍ਹਾਂ ਤਸਵੀਰਾਂ ਬਾਰੇ ਪੁੱਛਗਿੱਛ ਕੀਤੀ, ਜਿਨ੍ਹਾਂ ਵਿੱਚ ਕਲਿੰਟਨ ਕਈ ਔਰਤਾਂ ਨਾਲ ਦਿਖਾਈ ਦੇ ਰਹੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਿਲੇਰੀ ਕਲਿੰਟਨ ਨੇ ਵੀ ਗਵਾਹੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਪਸਟੀਨ ਨੂੰ ਮਿਲਣ ਬਾਰੇ ਕੁਝ ਯਾਦ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਉਸ ਦੇ ਜੁਰਮਾਂ ਬਾਰੇ ਕੋਈ ਜਾਣਕਾਰੀ ਹੈ।
 
ਕਲਿੰਟਨ ਜੋੜੇ ਨੇ ਦੋਸ਼ ਲਾਇਆ ਕਿ ਇਹ ਜਾਂਚ ਸਿਰਫ਼ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾ ਰਹੀ ਹੈ ਤਾਂ ਜੋ ਰਾਸ਼ਟਰਪਤੀ ਟਰੰਪ ਨੂੰ ਜਾਂਚ ਤੋਂ ਬਚਾਇਆ ਜਾ ਸਕੇ। ਡੈਮੋਕ੍ਰੇਟਿਕ ਮੈਂਬਰਾਂ ਨੇ ਮੰਗ ਕੀਤੀ ਕਿ ਡੋਨਾਲਡ ਟਰੰਪ ਨੂੰ ਵੀ ਤਲਬ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦਾ ਨਾਮ ਵੀ ਐਪਸਟੀਨ ਫਾਈਲਾਂ ਵਿੱਚ ਕਈ ਵਾਰ ਆਇਆ ਹੈ। ਟਰੰਪ 1990 ਅਤੇ 2000 ਦੇ ਦਹਾਕਿਆਂ ਵਿੱਚ ਐਪਸਟਿਨ ਨਾਲ ਸਮਾਜਿਕ ਤੌਰ ‘ਤੇ ਮਿਲਦੇ ਰਹੇ ਸਨ ਅਤੇ ਕਹਿੰਦੇ ਹਨ ਕਿ 2008 ਦੀ ਸਜ਼ਾ ਤੋਂ ਪਹਿਲਾਂ ਹੀ ਉਨ੍ਹਾਂ ਨੇ ਸੰਬੰਧ ਤੋੜ ਦਿੱਤੇ ਸਨ। ਹਾਲਾਂਕਿ ਜੇਮਸ ਕਾਮਰ ਨੇ ਟਰੰਪ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੋਮਰ ਨੇ ਕਿਹਾ ਕਿ ਹਿਲੇਰੀ ਕਲਿੰਟਨ ਦੀ ਗਵਾਹੀ ਦੀ ਵੀਡੀਓ 27 ਫ਼ਰਵਰੀ ਤੱਕ ਜਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਬਾਰ ਬਾਰ ਕਿਹਾ ਹੈ ਕਿ ਕਲਿੰਟਨ ਜੋੜੇ ‘ਤੇ ਕਿਸੇ ਗਲਤ ਕੰਮ ਦਾ ਦੋਸ਼ ਨਹੀਂ ਹੈ।

ਡੈਮੋਕ੍ਰੈਟਸ ਇਹ ਵੀ ਦੋਸ਼ ਲਗਾ ਰਹੇ ਹਨ ਕਿ ਟਰੰਪ ਦੇ ਨਿਆਂ ਵਿਭਾਗ ਨੇ ਉਸ ਔਰਤ ਦੇ ਰਿਕਾਰਡ ਜਾਰੀ ਕਰਨ ਤੋਂ ਰੋਕੇ ਹੋਏ ਹਨ ਜਿਸ ਨੇ ਟਰੰਪ ‘ਤੇ ਨਾਬਾਲਿਗ ਹੋਣ ਦੌਰਾਨ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਨਿਆਂ ਵਿਭਾਗ ਨੇ ਕਿਹਾ ਹੈ ਕਿ ਉਹ ਸੰਬੰਧਿਤ ਸਮੱਗਰੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਜੇ ਉਚਿਤ ਹੋਇਆ ਤਾਂ ਉਸਨੂੰ ਜਾਰੀ ਕੀਤਾ ਜਾਵੇਗਾ।

ਦਸ ਦਈਏ ਕਿ ਜੈਫਰੀ ਐਪਸਟੀਨ ਇੱਕ ਅਮੀਰ ਫਾਈਨਾਂਸਰ ਸੀ ਜਿਸ 'ਤੇ ਜਿਨਸੀ ਤਸਕਰੀ ਦੇ ਗੰਭੀਰ ਦੋਸ਼ ਸਨ। ਉਸਦੀ 2019 ਵਿੱਚ ਨਿਊਯਾਰਕ ਦੀ ਜੇਲ੍ਹ ਵਿੱਚ ਮੌਤ ਹੋਈ (ਜਿਸ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ)। 

ਕਲਿੰਟਨ ਦੀ ਗਵਾਹੀ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਅਗਲੀਆਂ ਫਾਈਲਾਂ 'ਤੇ ਹਨ। ਕਮੇਟੀ ਇਹ ਵੀ ਜਾਂਚ ਕਰ ਰਹੀ ਹੈ ਕਿ ਕੀ ਐਪਸਟੀਨ ਨੇ ਕਲਿੰਟਨ ਫਾਊਂਡੇਸ਼ਨ ਵਿੱਚ ਕੋਈ ਭੂਮਿਕਾ ਨਿਭਾਈ ਸੀ।
 

Comments

Leave A Comment

Required fields are marked (*).

Related

Talk to us?