ਵੈਂਕਟਾ ਵਾਸਮਸੈੱਟੀ / NIA
ਭਾਰਤੀ ਮੂਲ ਦੀ ਗ੍ਰੀਨ ਕਾਰਡ ਧਾਰਕ ਦਾਦੀ ਵੈਂਕਟਾ ਵਾਸਮਸੈੱਟੀ ਨੂੰ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਮੁਤਾਬਕ ਇਮੀਗ੍ਰੇਸ਼ਨ ਜੱਜ ਨੇ ਇਸ ਸਾਲ ਦੇ ਸ਼ੁਰੂ ਵਿੱਚ ਹੀ ਉਨ੍ਹਾਂ ਦਾ ਦੇਸ਼ ਨਿਕਾਲੇ ਦਾ ਮਾਮਲਾ ਖ਼ਤਮ ਕਰ ਦਿੱਤਾ ਸੀ।
ਵਾਸਮਸੈੱਟੀ ਇੱਕ ਕਾਨੂੰਨੀ ਸਥਾਈ ਨਿਵਾਸੀ ਹਨ ਅਤੇ ਲਗਭਗ ਤਿੰਨ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੂੰ 11 ਅਗਸਤ 2026 ਨੂੰ ICE ਨੇ ਹਿਰਾਸਤ ਵਿੱਚ ਲਿਆ। ਵਾਸਮਸੈੱਟੀ ਨੌਰਥ ਕੈਰੋਲੀਨਾ ਦੇ ਵੇਕ ਕਾਊਂਟੀ ਪਬਲਿਕ ਸਕੂਲ ਸਿਸਟਮ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਕੰਮ ਕਰਦੀ ਹੈ ਅਤੇ 2013 ਤੋਂ ਉਨ੍ਹਾਂ ਕੋਲ ਅਮਰੀਕੀ ਗ੍ਰੀਨ ਕਾਰਡ ਹੈ। ਉਹ ਇੱਕ ਘਰ ਦੀ ਮਾਲਕ, ਮਾਂ ਅਤੇ ਦਾਦੀ ਵੀ ਹਨ, ਜਦਕਿ ਉਨ੍ਹਾਂ ਦੇ ਬੱਚੇ ਅਤੇ ਪੋਤੇ-ਪੋਤੀਆਂ ਅਮਰੀਕੀ ਨਾਗਰਿਕ ਹਨ।
ਚੇਂਜ.ਆਰਗ ’ਤੇ ਜਾਰੀ ਇੱਕ ਪਟੀਸ਼ਨ ਮੁਤਾਬਕ ਵਾਸਮਸੈੱਟੀ ਕੋਲ 2013 ਤੋਂ ਗ੍ਰੀਨ ਕਾਰਡ ਹੈ, ਉਨ੍ਹਾਂ ਕੋਲ ਆਪਣਾ ਘਰ ਹੈ, ਓਹ ਟੈਕਸ ਅਦਾ ਕਰਦੀ ਹੈ ਅਤੇ ਉਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
2022 ਵਿੱਚ ਵੈਂਕਟਾ ਆਪਣੇ ਬਿਮਾਰ ਪਿਤਾ ਦੀ ਦੇਖਭਾਲ ਲਈ ਭਾਰਤ ਗਈ ਸੀ ਅਤੇ ਕੋਵਿਡ-19 ਦੀ ਲਪੇਟ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਵਾਪਸੀ ਵਿੱਚ ਦੇਰੀ ਹੋ ਗਈ। ਅਮਰੀਕਾ ਪਰਤਣ ’ਤੇ ਹੋਮਲੈਂਡ ਸਕਿਊਰਿਟੀ ਵਿਭਾਗ (DHS) ਨੇ ਉਨ੍ਹਾਂ ’ਤੇ ਆਪਣੀ ਸਥਾਈ ਨਿਵਾਸ ਸਥਿਤੀ ਛੱਡਣ ਦਾ ਦੋਸ਼ ਲਗਾਇਆ। ਪਰ ਵੈਂਕਟਾ ਦਾ ਕਦੇ ਵੀ ਆਪਣਾ ਘਰ, ਰੋਜ਼ਗਾਰ ਜਾਂ ਪਰਿਵਾਰ ਪਿੱਛੇ ਛੱਡਣ ਦਾ ਇਰਾਦਾ ਨਹੀਂ ਸੀ। ਉਨ੍ਹਾਂ ਨੇ ICE ਵੱਲੋਂ ਲੋੜੀਂਦੀ ਹਰ ਮੁਲਾਕਾਤ ਵਿੱਚ ਹਾਜ਼ਰੀ ਭਰੀ ਅਤੇ ਜਦੋਂ ਅਮਰੀਕੀ ਹੋਮਲੈਂਡ ਸਕਿਊਰਿਟੀ ਵਿਭਾਗ ਅਦਾਲਤ ਵਿੱਚ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ ਤਾਂ ਇਮੀਗ੍ਰੇਸ਼ਨ ਜੱਜ ਨੇ 19 ਮਈ 2026 ਨੂੰ ਉਨ੍ਹਾਂ ਦਾ ਮਾਮਲਾ ਖ਼ਾਰਜ ਕਰ ਦਿੱਤਾ, ਜਿਸ ਨਾਲ ਉਹ ਆਪਣਾ ਗ੍ਰੀਨ ਕਾਰਡ ਬਰਕਰਾਰ ਰੱਖ ਸਕੀ।
ਮਾਮਲਾ ਖ਼ਾਰਜ ਹੋਣ ਤੋਂ ਬਾਅਦ ਵੀ ICE ਆਪਣੇ ਰਿਕਾਰਡ ਅਪਡੇਟ ਕਰਨ ਵਿੱਚ ਅਸਫਲ ਰਿਹਾ। ਵੈਂਕਟਾ ਹਦਾਇਤਾਂ ਮੁਤਾਬਕ ਰਿਪੋਰਟ ਕਰਦੀ ਰਹੀ ਅਤੇ ਹਰ ਵਾਰ ਜੱਜ ਦੇ ਹੁਕਮ ਦੀ ਕਾਪੀ ਵੀ ਨਾਲ ਲੈ ਕੇ ਜਾਂਦੀ ਰਹੀ। 11 ਅਗਸਤ 2026 ਨੂੰ ਉਹ ਆਪਣੀ ਧੀ ਨਾਲ ਸ਼ਾਰਲਟ ਸਥਿਤ ICE ਦਫ਼ਤਰ ਗਈ, ਜਿੱਥੇ ਅਗਲੀ ਜਾਂਚ-ਪੜਤਾਲ ਤੋਂ ਰਿਹਾਅ ਕੀਤੇ ਜਾਣ ਦੀ ਬਜਾਏ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਵੈਂਕਟਾ ਨੂੰ ਜਾਰਜੀਆ ਦੇ ਇਰਵਿਨ ਕਾਊਂਟੀ ਡਿਟੈਨਸ਼ਨ ਸੈਂਟਰ ਲਿਜਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਜਵਾਬਾਂ ਲਈ ਭੱਜ-ਦੌੜ ਕਰਦਾ ਰਹਿ ਗਿਆ। ਵੈਂਕਟਾ ਟਾਈਪ-2 ਸ਼ੂਗਰ ਤੋਂ ਪੀੜਤ ਹੈ ਅਤੇ ਉਨ੍ਹਾਂ ਨੂੰ ਨਿਯਮਿਤ ਤੌਰ ’ਤੇ ਇਨਸੁਲਿਨ ਦੀ ਲੋੜ ਹੁੰਦੀ ਹੈ।
ਉਨ੍ਹਾਂ ਦਾ ਪਰਿਵਾਰ ਅਤੇ ਸਮਰਥਕ ਹੁਣ ਤੁਰੰਤ ਰਿਹਾਈ ਦੀ ਮੰਗ ਕਰ ਰਹੇ ਹਨ ਅਤੇ ਦਲੀਲ ਦੇ ਰਹੇ ਹਨ ਕਿ 19 ਮਈ ਨੂੰ ਇਮੀਗ੍ਰੇਸ਼ਨ ਜੱਜ ਵੱਲੋਂ ਦਿੱਤੇ ਫ਼ੈਸਲੇ ਦੇ ਮੱਦੇਨਜ਼ਰ ਉਨ੍ਹਾਂ ਦੀ ਹਿਰਾਸਤ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ।
ਪਟੀਸ਼ਨ ਵਿੱਚ ਕਿਹਾ ਗਿਆ, “ਉਨ੍ਹਾਂ ਦੇ ਇਮੀਗ੍ਰੇਸ਼ਨ ਮਾਮਲੇ ਨੂੰ ਕਾਨੂੰਨੀ ਤੌਰ ’ਤੇ ਖ਼ਾਰਜ ਕੀਤੇ ਜਾਣ ਨਾਲ ਉਨ੍ਹਾਂ ਦੀ ਆਜ਼ਾਦੀ ਯਕੀਨੀ ਹੋਣੀ ਚਾਹੀਦੀ ਸੀ, ਫਿਰ ਵੀ ਇਹ ਗੰਭੀਰ ਗਲਤੀ ਜਾਰੀ ਹੈ। ਇਸ ਗੰਭੀਰ ਗਲਤੀ ਨੂੰ ਤੁਰੰਤ ਦੂਰ ਕਰਨਾ ਜ਼ਰੂਰੀ ਹੈ, ਨਾ ਸਿਰਫ਼ ਵੈਂਕਟਾ ਲਈ, ਸਗੋਂ ਨਿਆਂ ਅਤੇ ਮਨੁੱਖਤਾ ਦੇ ਸਿਧਾਂਤਾਂ ਲਈ ਵੀ।”
ਇਸ ਵਿੱਚ ਕਿਹਾ ਗਿਆ, “ਅਸੀਂ ICE ਨੂੰ ਵੈਂਕਟਾ ਵਾਸਮਸੈੱਟੀ ਨੂੰ ਰਿਹਾਅ ਕਰਨ ਦੀ ਅਪੀਲ ਕਰ ਰਹੇ ਹਾਂ, ਕਾਨੂੰਨੀ ਫ਼ੈਸਲੇ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਸਾਡੇ ਭਾਈਚਾਰੇ ਵਿੱਚ ਆਪਣੀਆਂ ਮਹੱਤਵਪੂਰਨ ਭੂਮਿਕਾਵਾਂ ਨਿਭਾਉਣ ਲਈ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇ।”
ਉਹ ਭਾਈਚਾਰਕ ਆਗੂਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਆਮ ਲੋਕਾਂ ਨੂੰ ਵੀ ਉਨ੍ਹਾਂ ਦੀ ਰਿਹਾਈ ਦੀ ਮੰਗ ਵਾਲੀ ਪਟੀਸ਼ਨ ਦਾ ਸਮਰਥਨ ਕਰਨ ਦੀ ਅਪੀਲ ਕਰ ਰਹੇ ਹਨ।
ਇਸ ਮਾਮਲੇ ਨੇ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਧਿਆਨ ਖਿੱਚਿਆ ਹੈ। ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਵਾਸਮਸੈੱਟੀ ਦੀ ਸਥਿਤੀ ਕਾਨੂੰਨੀ ਪ੍ਰਕਿਰਿਆ, ਇਮੀਗ੍ਰੇਸ਼ਨ ਲਾਗੂ ਕਰਨ ਅਤੇ ਲੰਬੇ ਸਮੇਂ ਤੋਂ ਕਾਨੂੰਨੀ ਸਥਾਈ ਨਿਵਾਸੀਆਂ ਨਾਲ ਕੀਤੇ ਜਾਂਦੇ ਵਤੀਰੇ ਬਾਰੇ ਵੱਡੇ ਸਵਾਲ ਖੜ੍ਹੇ ਕਰਦੀ ਹੈ।
ਉਨ੍ਹਾਂ ਦੀ ਹਿਰਾਸਤ, ਡਾਕਟਰੀ ਦੇਖਭਾਲ ਅਤੇ ICE ਵੱਲੋਂ ਉਨ੍ਹਾਂ ਦੇ ਮਾਮਲੇ ਨੂੰ ਸੰਭਾਲਣ ਸਬੰਧੀ ਦੋਸ਼ ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ’ਤੇ ਆਧਾਰਿਤ ਹਨ।
ਪਰਿਵਾਰ ਨੇ ਹੋਰ ਉਜੜੇ ਹੋਏ ਪਰਿਵਾਰਾਂ ਦੀ ਮਦਦ ਲਈ “Help Free Venkata Vasamsetty” ਨਾਮ ਨਾਲ ਇੱਕ GoFundMe ਮੁਹਿੰਮ ਵੀ ਸ਼ੁਰੂ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login