ADVERTISEMENT

ADVERTISEMENT

ਏਆਈ ਖੇਤਰ ਵਿੱਚ ਭਾਰਤ ਨੂੰ ਆਪਣੇ ਮੂਲ ਮਾਡਲ ਵਿਕਸਤ ਕਰਨ ਦੀ ਲੋੜ: ਰਿਪੋਰਟ

ਵਿਦੇਸ਼ੀ ਤਕਨਾਲੋਜੀ 'ਤੇ ਨਿਰਭਰਤਾ ਘਟਾਉਣ ਅਤੇ ਅਮਰੀਕਾ-ਚੀਨ ਨਾਲ ਮੁਕਾਬਲੇ ਲਈ ਮਾਹਿਰਾਂ ਦੀ ਸਲਾਹ

 ਪ੍ਰਤੀਕ ਫੋਟੋ ਪ੍ਰਤੀਕ ਫੋਟੋ / AI image/IANS

ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਏਆਈ (AI) ਦੇ ਖੇਤਰ ਵਿੱਚ ਅਮਰੀਕਾ ਅਤੇ ਚੀਨ ਨਾਲ ਮੁਕਾਬਲੇ ਵਿੱਚ ਬਣੇ ਰਹਿਣ ਲਈ ਆਪਣੇ ਮੂਲ ਜਾਂ ਬੁਨਿਆਦੀ ਏਆਈ ਮਾਡਲ ਵਿਕਸਤ ਕਰਨੇ ਚਾਹੀਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਵਿਦੇਸ਼ੀ ਏਆਈ ਪ੍ਰਣਾਲੀਆਂ 'ਤੇ ਵੱਧ ਨਿਰਭਰਤਾ ਭਾਰਤ ਦੀ ਤਕਨੀਕੀ ਖ਼ੁਦਮੁਖ਼ਤਿਆਰੀ ਲਈ ਚੁਣੌਤੀ ਬਣ ਸਕਦੀ ਹੈ।

 

ਗਲੋਬਲ ਬ੍ਰੋਕਰੇਜ ਫ਼ਰਮ ਬਰਨਸਟਾਈਨ ਦੀ ਰਿਪੋਰਟ ਵਿੱਚ ਨੀਤੀ ਨਿਰਮਾਤਾਵਾਂ ਨੂੰ ਘਰੇਲੂ ਪੱਧਰ 'ਤੇ ਏਆਈ ਮਾਡਲਾਂ ਦੇ ਵਿਕਾਸ ਨੂੰ ਤਰਜੀਹ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਰਿਪੋਰਟ ਅਨੁਸਾਰ ਹਾਲੀਆ ਸਮੇਂ ਵਿੱਚ ਕੁਝ ਅਗੇਤਰੀ ਏਆਈ ਮਾਡਲਾਂ ਤੱਕ ਗੈਰ-ਅਮਰੀਕੀ ਨਾਗਰਿਕਾਂ ਦੀ ਪਹੁੰਚ ਸੀਮਤ ਕੀਤੀ ਗਈ ਸੀ, ਜਿਸ ਨਾਲ ਇਹ ਸਪੱਸ਼ਟ ਹੋਇਆ ਹੈ ਕਿ ਉੱਨਤ ਏਆਈ ਤਕਨਾਲੋਜੀ ਤੱਕ ਪਹੁੰਚ ਨੂੰ ਸੁਭਾਵਿਕ ਨਹੀਂ ਮੰਨਿਆ ਜਾ ਸਕਦਾ।

 

ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਭਾਰਤ ਵਿਦੇਸ਼ੀ ਏਆਈ ਮਾਡਲਾਂ 'ਤੇ ਨਿਰਭਰ ਰਿਹਾ ਤਾਂ ਭਾਰਤੀ ਕੰਪਨੀਆਂ ਨੂੰ ਅਜਿਹੀਆਂ ਪ੍ਰਣਾਲੀਆਂ ਨਾਲ ਕੰਮ ਕਰਨਾ ਪੈ ਸਕਦਾ ਹੈ ਜੋ ਅਮਰੀਕਾ ਅਤੇ ਚੀਨ ਵਿੱਚ ਵਰਤੇ ਜਾ ਰਹੇ ਮਾਡਲਾਂ ਨਾਲੋਂ ਇੱਕ ਜਾਂ ਦੋ ਪੀੜ੍ਹੀਆਂ ਪਿੱਛੇ ਹੋਣਗੀਆਂ।

 

ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਭਾਰਤੀ ਕੰਪਨੀਆਂ ਕੋਲ ਉੱਚ ਪੱਧਰੀ ਤਕਨੀਕੀ ਮਾਹਰਤਾ ਮੌਜੂਦ ਹੈ, ਪਰ ਜੇਕਰ ਉਨ੍ਹਾਂ ਨੂੰ ਪੁਰਾਣੇ ਏਆਈ ਮਾਡਲਾਂ ਦੀ ਵਰਤੋਂ ਕਰਨੀ ਪਈ ਤਾਂ ਉਹ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਪਿੱਛੇ ਰਹਿ ਸਕਦੀਆਂ ਹਨ, ਜਦਕਿ ਹੋਰ ਦੇਸ਼ਾਂ ਦੀਆਂ ਨਵੀਆਂ ਕੰਪਨੀਆਂ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰ ਰਹੀਆਂ ਹੋਣ।

 

ਬਰਨਸਟਾਈਨ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ "ਏਆਈ ਅਗਲੀ ਪੀੜ੍ਹੀ ਦਾ ਲੜਾਕੂ ਜਹਾਜ਼ ਹੈ।" ਰਿਪੋਰਟ ਅਨੁਸਾਰ ਵੱਡੇ ਭਾਸ਼ਾਈ ਮਾਡਲ (LLMs) ਹੁਣ ਸਿਰਫ਼ ਵਪਾਰਕ ਸਾਫਟਵੇਅਰ ਨਹੀਂ ਰਹੇ, ਸਗੋਂ ਰਣਨੀਤਕ ਸੰਪਤੀ ਵਜੋਂ ਦੇਖੇ ਜਾ ਰਹੇ ਹਨ।

 

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਏਆਈ ਉਸੇ ਰਾਹ 'ਤੇ ਅੱਗੇ ਵੱਧ ਰਹੀ ਹੈ ਜਿਸ ਤਰ੍ਹਾਂ ਪਹਿਲਾਂ ਪਰਮਾਣੂ ਊਰਜਾ, ਰੱਖਿਆ ਤਕਨਾਲੋਜੀ ਅਤੇ ਸੈਮੀਕੰਡਕਟਰ ਵਰਗੇ ਖੇਤਰ ਵਿਕਸਿਤ ਹੋਏ ਸਨ, ਜਿੱਥੇ ਤਕਨਾਲੋਜੀ ਤੱਕ ਪਹੁੰਚ ਬਾਜ਼ਾਰ ਦੀ ਬਜਾਏ ਭੂ-ਰਾਜਨੀਤਿਕ ਹਾਲਾਤਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ।

 

ਬਰਨਸਟਾਈਨ ਦਾ ਮੰਨਣਾ ਹੈ ਕਿ ਜੇਕਰ ਭਾਰਤ ਸਿਰਫ਼ ਏਆਈ ਐਪਲੀਕੇਸ਼ਨਾਂ ਦੇ ਵਿਕਾਸ 'ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਮੂਲ ਮਾਡਲਾਂ ਲਈ ਵਿਦੇਸ਼ਾਂ 'ਤੇ ਨਿਰਭਰ ਰਹਿੰਦਾ ਹੈ, ਤਾਂ ਉਹ ਭਵਿੱਖ ਦੀ ਤਕਨਾਲੋਜੀ ਦੀ ਇੱਕ ਅਹਿਮ ਬੁਨਿਆਦ 'ਤੇ ਆਪਣਾ ਕੰਟਰੋਲ ਗੁਆ ਸਕਦਾ ਹੈ।

 

ਰਿਪੋਰਟ ਅਨੁਸਾਰ ਭਾਰਤ ਦਾ ਤਕਨਾਲੋਜੀਕਲ ਢਾਂਚਾ ਇਤਿਹਾਸਕ ਤੌਰ 'ਤੇ ਆਈਟੀ ਸੇਵਾਵਾਂ 'ਤੇ ਆਧਾਰਿਤ ਰਿਹਾ ਹੈ, ਨਾ ਕਿ ਵੱਡੇ ਉਪਭੋਗਤਾ ਡਿਜ਼ੀਟਲ ਪਲੇਟਫਾਰਮਾਂ 'ਤੇ। ਇਸ ਕਾਰਨ ਦੇਸ਼ ਬੁਨਿਆਦੀ ਤਕਨਾਲੋਜੀ ਪਲੇਟਫਾਰਮਾਂ ਦੇ ਵਿਕਾਸ ਵਿੱਚ ਪਿੱਛੇ ਰਹਿ ਗਿਆ। ਅਗੇਤਰੀ ਏਆਈ ਮਾਡਲਾਂ ਨੂੰ ਤਿਆਰ ਕਰਨ ਲਈ ਵੱਡੇ ਪੱਧਰ ਦੇ ਵਿਸ਼ੇਸ਼ ਡਾਟਾ ਸੈੱਟਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦੀ ਘਾਟ ਨੂੰ ਵੀ ਇੱਕ ਵੱਡੀ ਚੁਣੌਤੀ ਮੰਨਿਆ ਗਿਆ ਹੈ।

 

ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਿਹਤ ਸੇਵਾਵਾਂ, ਉਦਯੋਗਿਕ ਖੇਤਰ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਉਪਲਬਧ ਵਿਸ਼ੇਸ਼ ਡਾਟਾ ਦੇ ਆਧਾਰ 'ਤੇ ਖ਼ਾਸ ਉਦੇਸ਼ਾਂ ਲਈ ਤਿਆਰ ਕੀਤੇ ਜਾਣ ਵਾਲੇ ਭਾਸ਼ਾਈ ਏਆਈ ਮਾਡਲ ਵਿਕਸਤ ਕਰ ਸਕਦਾ ਹੈ, ਜੋ ਦੇਸ਼ ਨੂੰ ਏਆਈ ਖੇਤਰ ਵਿੱਚ ਮਜ਼ਬੂਤ ਸਥਿਤੀ ਦਿਵਾ ਸਕਦੇ ਹਨ।

Comments

Leave A Comment

Required fields are marked (*).

Related

Talk to us?