ADVERTISEMENT

ADVERTISEMENT

ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਲਈ ਖੁੱਲ੍ਹਿਆ ਭਾਰਤੀ ਸ਼ੇਅਰ ਬਾਜ਼ਾਰ: ਆਰਬੀਆਈ

ਨਵੇਂ ਨਿਯਮਾਂ ਨਾਲ ਐਨਆਰਆਈਜ਼ ਤੋਂ ਇਲਾਵਾ ਹੋਰ ਵਿਅਕਤੀਆਂ ਲਈ ਵੀ ਖੁੱਲ੍ਹਿਆ ਸਿੱਧੇ ਨਿਵੇਸ਼ ਦਾ ਰਾਹ

 Representative Image Representative Image / ਆਈ.ਏ.ਐਨ.ਐਸ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤ ਤੋਂ ਬਾਹਰ ਰਹਿਣ ਵਾਲੇ ਵਿਅਕਤੀਆਂ ਨੂੰ ਸੂਚੀਬੱਧ ਭਾਰਤੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਸਿੱਧਾ ਨਿਵੇਸ਼ ਕਰਨ ਦੀ ਆਗਿਆ ਦੇ ਦਿੱਤੀ ਹੈ। ਨਵੇਂ ਨਿਯਮਾਂ ਤਹਿਤ ਅਧਿਕਾਰਤ ਡੀਲਰ (ਏਡੀ) ਬੈਂਕ ਹੁਣ ਅਜਿਹੇ ਨਿਵੇਸ਼ਕਾਂ ਲਈ ਰੀਪੈਟ੍ਰੀਏਬਲ ਰੁਪਇਆ ਖਾਤੇ (ਵਿਦੇਸ਼ੀ ਲੈਣ-ਦੇਣ ਲਈ ਵਿਸ਼ੇਸ਼ ਖਾਤਾ) ਖੋਲ੍ਹ ਸਕਣਗੇ।

 

ਆਰਬੀਆਈ ਵੱਲੋਂ 13 ਜੂਨ ਨੂੰ ਜਾਰੀ ਕੀਤੀ ਗਈ ਅਧਿਸੂਚਨਾ ਅਨੁਸਾਰ ਇਹ ਨਵਾਂ ਪ੍ਰਬੰਧ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਇਸ ਨਾਲ ਹੁਣ ਸਿਰਫ਼ ਗੈਰ-ਨਿਵਾਸੀ ਭਾਰਤੀਆਂ (ਐਨਆਰਆਈ) ਅਤੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓਸੀਆਈ) ਹੀ ਨਹੀਂ, ਸਗੋਂ ਭਾਰਤ ਤੋਂ ਬਾਹਰ ਰਹਿਣ ਵਾਲੇ ਹੋਰ ਵਿਅਕਤੀ ਵੀ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸਿੱਧਾ ਨਿਵੇਸ਼ ਕਰ ਸਕਣਗੇ।

 

ਇਹ ਬਦਲਾਅ ਕੇਂਦਰ ਸਰਕਾਰ ਵੱਲੋਂ ਵਿਦੇਸ਼ੀ ਮੁਦਰਾ ਪ੍ਰਬੰਧਨ (ਗੈਰ-ਕਰਜ਼ ਸਾਧਨ) ਨਿਯਮ, 2019 ਵਿੱਚ ਕੀਤੀਆਂ ਸੋਧਾਂ ਤੋਂ ਬਾਅਦ ਕੀਤਾ ਗਿਆ ਹੈ, ਜਿਸ ਨਾਲ ਭਾਰਤ ਤੋਂ ਬਾਹਰ ਰਹਿਣ ਵਾਲੇ ਵਿਅਕਤੀਆਂ ਲਈ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਸਿੱਧੇ ਨਿਵੇਸ਼ ਦਾ ਰਾਹ ਖੁੱਲ੍ਹ ਗਿਆ ਹੈ।

 

ਆਰਬੀਆਈ ਦੇ ਅਨੁਸਾਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਨਿਵੇਸ਼ਕ ਆਪਣੇ ਨਿਵੇਸ਼ ਲਈ ਵਿਦੇਸ਼ ਤੋਂ ਭੇਜੀ ਗਈ ਰਕਮ ਜਾਂ ਰੀਪੈਟ੍ਰੀਏਬਲ ਜਮ੍ਹਾਂ ਖਾਤਿਆਂ ਵਿੱਚ ਮੌਜੂਦ ਫੰਡਾਂ ਦੀ ਵਰਤੋਂ ਕਰ ਸਕਣਗੇ। ਇਸ ਦੇ ਨਾਲ ਉਨ੍ਹਾਂ ਨੂੰ ਇੱਕ ਵਿਸ਼ੇਸ਼ ਰੀਪੈਟ੍ਰੀਏਬਲ ਰੁਪਇਆ ਖਾਤਾ ਵੀ ਨਿਰਧਾਰਤ ਕਰਨਾ ਹੋਵੇਗਾ, ਜਿਸ ਦੀ ਵਰਤੋਂ ਸਿਰਫ਼ ਇਸ ਨਿਵੇਸ਼ ਯੋਜਨਾ ਅਧੀਨ ਲੈਣ-ਦੇਣ ਲਈ ਕੀਤੀ ਜਾਵੇਗੀ।

 

ਕੇਂਦਰੀ ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਿਵੇਸ਼ ਵੇਚਣ ਤੋਂ ਪ੍ਰਾਪਤ ਰਕਮ ਨੂੰ ਲਾਗੂ ਟੈਕਸ ਅਦਾ ਕਰਨ ਤੋਂ ਬਾਅਦ ਵਿਦੇਸ਼ ਭੇਜਿਆ ਜਾ ਸਕੇਗਾ ਜਾਂ ਫਿਰ ਉਸੇ ਰੁਪਇਆ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾ ਸਕੇਗਾ।

 

ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਲਈ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੀ ਪ੍ਰਕਿਰਿਆ ਹੋਰ ਆਸਾਨ ਅਤੇ ਸੁਚਾਰੂ ਹੋ ਜਾਵੇਗੀ। ਨਿਵੇਸ਼ ਅਤੇ ਬੈਂਕਿੰਗ ਲੈਣ-ਦੇਣ ਲਈ ਇੱਕ ਵੱਖਰਾ ਚੈਨਲ ਮਿਲਣ ਨਾਲ ਵਿਦੇਸ਼ੀ ਨਿਵੇਸ਼ ਨੂੰ ਨਵਾਂ ਹੁਲਾਰਾ ਮਿਲਣ ਦੀ ਸੰਭਾਵਨਾ ਹੈ।

 

ਇਸ ਦੇ ਨਾਲ ਹੀ ਆਰਬੀਆਈ ਨੇ "ਵਿਅਕਤੀਗਤ ਵਿਦੇਸ਼ੀ ਨਿਵੇਸ਼ਕ (IFI)" ਨਾਮ ਦੀ ਨਵੀਂ ਰਿਪੋਰਟਿੰਗ ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਰਾਹੀਂ ਵਿਦੇਸ਼ਾਂ ਵਿੱਚ ਰਹਿੰਦੇ ਵਿਅਕਤੀਆਂ ਦੇ ਨਿਵੇਸ਼ ਦਾ ਰਿਕਾਰਡ ਰੱਖਿਆ ਜਾਵੇਗਾ। ਇਸ ਤਹਿਤ ਏਡੀ ਬੈਂਕ ਐਨਆਰਆਈਜ਼, ਓਸੀਆਈਜ਼ ਅਤੇ ਹੋਰ ਯੋਗ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੇ ਗਏ ਸ਼ੇਅਰਾਂ ਦੀ ਖਰੀਦ ਅਤੇ ਟਰਾਂਸਫਰ ਸਬੰਧੀ ਵੇਰਵੇ ਦਰਜ ਕਰਨਗੇ।

 

ਇਸ ਮਹੀਨੇ ਦੇ ਸ਼ੁਰੂ ਵਿੱਚ ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਵੀ ਐਲਾਨ ਕੀਤਾ ਸੀ ਕਿ ਐਨਆਰਆਈ ਅਤੇ ਓਸੀਆਈ ਨਿਵੇਸ਼ਕਾਂ ਲਈ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਦੀਆਂ ਸੀਮਾਵਾਂ ਵਧਾਈਆਂ ਜਾ ਰਹੀਆਂ ਹਨ ਅਤੇ ਇਹੀ ਸਹੂਲਤ ਹੁਣ ਭਾਰਤ ਤੋਂ ਬਾਹਰ ਰਹਿਣ ਵਾਲੇ ਹੋਰ ਵਿਅਕਤੀਆਂ ਨੂੰ ਵੀ ਦਿੱਤੀ ਜਾ ਰਹੀ ਹੈ।

 

ਮਾਹਿਰਾਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਭਾਰਤੀ ਪੂੰਜੀ ਬਾਜ਼ਾਰਾਂ ਵਿੱਚ ਵਿਦੇਸ਼ੀ ਭਾਗੀਦਾਰੀ ਵਧੇਗੀ, ਨਵੇਂ ਨਿਵੇਸ਼ ਨੂੰ ਹੁਲਾਰਾ ਮਿਲੇਗਾ ਅਤੇ ਭਾਰਤੀ ਸ਼ੇਅਰ ਬਾਜ਼ਾਰ ਦੀ ਵਿਸ਼ਵ ਪੱਧਰ ’ਤੇ ਪਹੁੰਚ ਅਤੇ ਆਕਰਸ਼ਣ ਹੋਰ ਮਜ਼ਬੂਤ ਹੋਵੇਗਾ।

Comments

Leave A Comment

Required fields are marked (*).

Related

Talk to us?