ADVERTISEMENT

ADVERTISEMENT

ਭਾਰਤੀ-ਅਮਰੀਕੀ ਕਿਰਨ ਰੈੱਡੀ ਨੇ ਜਿੱਤਿਆ ‘ਮਿਸ ਜਾਰਜੀਆ ਟੀਨ ਯੂਐੱਸਏ’ ਦਾ ਖ਼ਿਤਾਬ

ਕੌਫੀ ਕਾਊਂਟੀ ਦੀ ਵੈਲੇਡਿਕਟੋਰੀਅਨ ਅਗਸਤ ਵਿੱਚ ‘ਮਿਸ ਟੀਨ ਯੂਐੱਸਏ’ ਮੁਕਾਬਲੇ ਵਿੱਚ ਜਾਰਜੀਆ ਦੀ ਕਰੇਗੀ ਨੁਮਾਇੰਦਗੀ

 ਭਾਰਤੀ-ਅਮਰੀਕੀ ਕਿਰਨ ਰੈੱਡੀ ਭਾਰਤੀ-ਅਮਰੀਕੀ ਕਿਰਨ ਰੈੱਡੀ / IG

ਭਾਰਤੀ ਮੂਲ ਦੀ ਅਮਰੀਕੀ ਮੁਟਿਆਰ ਕਿਰਨ ਰੈੱਡੀ ‘ਮਿਸ ਜਾਰਜੀਆ ਟੀਨ ਯੂਐੱਸਏ’ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣ ਗਈ ਹੈ। 18 ਸਾਲਾ ਕਿਰਨ ਰੈੱਡੀ, ਜੋ ਕੌਫੀ ਹਾਈ ਸਕੂਲ ਦੀ 2026 ਬੈਚ ਦੀ ਵੈਲੇਡਿਕਟੋਰੀਅਨ (ਸਭ ਤੋਂ ਹੋਣਹਾਰ ਵਿਦਿਆਰਥਣ) ਹੈ, ਨੂੰ 30 ਜੂਨ ਨੂੰ ‘ਮਿਸ ਜਾਰਜੀਆ ਟੀਨ ਯੂਐੱਸਏ’ ਦਾ ਤਾਜ ਪਹਿਨਾਇਆ ਗਿਆ।

 

ਰੈੱਡੀ ਨੇ ਕਿਹਾ ਕਿ ਇਸ ਕਾਮਯਾਬੀ ਦਾ ਅਹਿਸਾਸ ਹੋਣ ਵਿੱਚ ਉਨ੍ਹਾਂ ਨੂੰ ਕੁਝ ਸਮਾਂ ਲੱਗਾ। ਇਹ ਜਿੱਤ ਉਨ੍ਹਾਂ ਨੂੰ ਕਈ ਸਾਲਾਂ ਤੱਕ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਤੋਂ ਬਾਅਦ ਮਿਲੀ ਹੈ। ਪਿਛਲੀਆਂ ਦੋ ਕੋਸ਼ਿਸ਼ਾਂ ਵਿੱਚ ਉਹ ਪਹਿਲੀ ਰਨਰ-ਅੱਪ ਅਤੇ ਦੂਜੀ ਰਨਰ-ਅੱਪ ਰਹੀ ਸੀ। ਇਸ ਤੋਂ ਪਹਿਲਾਂ ਉਹ ‘ਮਿਸ ਜਾਰਜੀਆ ਸਾਊਥ ਟੀਨ ਯੂਐੱਸਏ’ ਦਾ ਖ਼ਿਤਾਬ ਵੀ ਆਪਣੇ ਨਾਂ ਕਰ ਚੁੱਕੀ ਹੈ।

 

ਇਸ ਸਾਲ ਇਹ ਮੁਕਾਬਲਾ ਨਵੇਂ ਫਾਰਮੈਟ ਅਧੀਨ ਕਰਵਾਇਆ ਗਿਆ, ਕਿਉਂਕਿ ਰਾਸ਼ਟਰੀ ਸੰਗਠਨ ਨੇ ਜਾਰਜੀਆ ਸਮੇਤ 16 ਸੂਬਿਆਂ ਵਿੱਚ ਰਵਾਇਤੀ ਰੂਪ ਨਾਲ ਆਹਮੋ-ਸਾਹਮਣੇ ਹੋਣ ਵਾਲੇ ਮੁਕਾਬਲੇ ਖ਼ਤਮ ਕਰ ਦਿੱਤੇ ਸਨ। ਇਸ ਦੀ ਥਾਂ ਪ੍ਰਤੀਯੋਗੀਆਂ ਨੂੰ ਓਪਨ ਕਾਸਟਿੰਗ ਪ੍ਰਕਿਰਿਆ ਰਾਹੀਂ ਅੱਗੇ ਵਧਾਇਆ ਗਿਆ, ਜਿਸ ਵਿੱਚ ਜਨਤਕ ਵੋਟਿੰਗ ਦਾ ਇੱਕ ਗੇੜ ਅਤੇ ਅੰਤਿਮ ਵੀਡੀਓ ਸਬਮਿਸ਼ਨ ਸ਼ਾਮਲ ਸੀ। ਇਨ੍ਹਾਂ ਦਾ ਮੁਲਾਂਕਣ ਸਾਬਕਾ ‘ਮਿਸ ਯੂਐੱਸਏ’ ਜੇਤੂਆਂ ਨੇ ਕੀਤਾ।

 

ਰੈੱਡੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲਿਖਿਆ ਕਿ ਉਹ ਇਸ ਹਫ਼ਤੇ ਦੇ ਅੰਤ ਵਿੱਚ ਸ਼ੁਕਰਗੁਜ਼ਾਰ ਦਿਲ ਅਤੇ ਮਨ ਦੀ ਸ਼ਾਂਤੀ ਨਾਲ ਵਾਪਸ ਜਾ ਰਹੀ ਹੈ, ਕਿਉਂਕਿ ਉਸ ਨੂੰ ਤਸੱਲੀ ਹੈ ਕਿ ਉਸ ਨੇ ਸਟੇਜ 'ਤੇ ਅਤੇ ਸਟੇਜ ਤੋਂ ਬਾਹਰ ਵੀ ਆਪਣੇ ਆਪ ਦਾ ਸਭ ਤੋਂ ਵਧੀਆ ਰੂਪ ਪੇਸ਼ ਕੀਤਾ। ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਉਨ੍ਹਾਂ ਨੇ ਆਪਣੀ ਵਾਕ ਅਤੇ ਨਿੱਜੀ ਜਾਣ-ਪਛਾਣ ਨਾਲ ਸਬੰਧਤ ਵੀਡੀਓ ਜਮ੍ਹਾਂ ਕਰਵਾਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੌਫੀ ਕਾਊਂਟੀ ਤੋਂ ਸੂਬਾਈ ਖ਼ਿਤਾਬ ਜਿੱਤਣ ਵਾਲੀ ਪਹਿਲੀ ਪ੍ਰਤੀਯੋਗੀ ਹੈ।

 

ਰੈੱਡੀ ਨੇ ਦੱਸਿਆ ਕਿ ਡਾਕਟਰੀ ਖੇਤਰ ਵਿੱਚ ਉਨ੍ਹਾਂ ਦੀ ਦਿਲਚਸਪੀ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ, ਜਦੋਂ ਉਹ ਆਪਣੇ ਪਿਤਾ ਡਾ. ਰੈੱਡੀ ਨਾਲ ਉਨ੍ਹਾਂ ਦੀ ਮੈਡੀਕਲ ਪ੍ਰੈਕਟਿਸ ਦੌਰਾਨ ਜਾਂਦੀ ਸੀ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਦੇ ਦਫ਼ਤਰ ਵਿੱਚ ਵੱਡੇ ਹੁੰਦਿਆਂ ਅਤੇ ਉਨ੍ਹਾਂ ਨੂੰ ਮਰੀਜ਼ਾਂ ਨਾਲ ਗੱਲਬਾਤ ਕਰਦੇ ਵੇਖ ਕੇ ਹੀ ਉਨ੍ਹਾਂ ਨੂੰ ਇਸ ਖੇਤਰ ਨਾਲ ਪਿਆਰ ਹੋ ਗਿਆ।

 

ਉਹ ਇਸ ਸਮੇਂ ਕੌਫੀ ਰੀਜਨਲ ਮੈਡੀਕਲ ਸੈਂਟਰ ਦੇ ਲੇਬਰ ਅਤੇ ਡਿਲੀਵਰੀ ਨਰਸਰੀ ਵਿਭਾਗ ਵਿੱਚ ਵਲੰਟੀਅਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਹੁਣ ਉਹ ਯੂਨੀਵਰਸਿਟੀ ਆਫ਼ ਜਾਰਜੀਆ ਵਿੱਚ ਦਾਖ਼ਲਾ ਲਵੇਗੀ, ਜਿੱਥੇ ਉਹ ਪ੍ਰੀ-ਮੈਡ ਟਰੈਕ ਤਹਿਤ ਬਾਇਓਲੌਜੀਕਲ ਸਾਇੰਸਜ਼ ਵਿੱਚ ਮੇਜਰ ਕਰੇਗੀ। ਉਸ ਦਾ ਟੀਚਾ ਔਬਸਟੈਟ੍ਰਿਕਸ ਅਤੇ ਗਾਇਨੀਕੋਲੋਜੀ ਜਾਂ ਔਰਤਾਂ ਦੀ ਸਿਹਤ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਹੈ।

 

ਅਕਾਦਮਿਕ ਪ੍ਰਾਪਤੀਆਂ ਤੋਂ ਇਲਾਵਾ ਰੈੱਡੀ ਨੇ ਕਈ ਕਮਿਊਨਿਟੀ ਸੇਵਾ ਪ੍ਰੋਗਰਾਮਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ ਹੈ। ਇਨ੍ਹਾਂ ਵਿੱਚ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਪੜ੍ਹ ਕੇ ਸੁਣਾਉਣਾ, ਬਜ਼ੁਰਗਾਂ ਲਈ ਸਮਾਗਮ ਕਰਵਾਉਣਾ ਅਤੇ ਅਲਜ਼ਾਈਮਰ ਬਾਰੇ ਜਾਗਰੂਕਤਾ ਫੈਲਾਉਣ ਲਈ 3,000 ਡਾਲਰ ਇਕੱਠੇ ਕਰਨ ਵਾਸਤੇ ਇੱਕ ਚੈਰਿਟੀ ਪੇਜੈਂਟ ਦਾ ਆਯੋਜਨ ਕਰਨਾ ਸ਼ਾਮਲ ਹੈ।

 

ਰੈੱਡੀ 26 ਅਗਸਤ ਨੂੰ ਮਿਆਮੀ ਦੇ ਐਡਰੀਐਨ ਆਰਸ਼ਟ ਸੈਂਟਰ ਫਾਰ ਦਿ ਪਰਫਾਰਮਿੰਗ ਆਰਟਸ ਵਿੱਚ ਹੋਣ ਵਾਲੇ ‘ਮਿਸ ਟੀਨ ਯੂਐੱਸਏ’ ਮੁਕਾਬਲੇ ਵਿੱਚ ਜਾਰਜੀਆ ਦੀ ਨੁਮਾਇੰਦਗੀ ਕਰੇਗੀ। ਇਹ ਇਸ ਮੁਕਾਬਲੇ ਦਾ 75ਵਾਂ ਐਡੀਸ਼ਨ ਹੋਵੇਗਾ ਅਤੇ ਇਸ ਦਾ ਪ੍ਰਸਾਰਣ ‘ਦਿ ਸੀਡਬਲਿਊ’ ਨੈੱਟਵਰਕ 'ਤੇ ਕੀਤਾ ਜਾਵੇਗਾ।

 

ਜੇਕਰ ਉਹ ਰਾਸ਼ਟਰੀ ਖ਼ਿਤਾਬ ਜਿੱਤਦੀ ਹੈ ਤਾਂ ਰੈੱਡੀ ਪਹਿਲੀ ਵਾਰ ਹੋਣ ਵਾਲੇ ‘ਮਿਸ ਟੀਨ ਯੂਨੀਵਰਸ’ ਮੁਕਾਬਲੇ ਵਿੱਚ ਹਿੱਸਾ ਲਵੇਗੀ, ਜਿਸ ਦੇ ਇਸ ਸਾਲ ਦੇ ਅੰਤ ਵਿੱਚ ਕੰਬੋਡੀਆ ਵਿੱਚ ਕਰਵਾਏ ਜਾਣ ਦੀ ਉਮੀਦ ਹੈ।

 

ਆਪਣੀ ਇਸ ਇਤਿਹਾਸਕ ਕਾਮਯਾਬੀ ਬਾਰੇ ਗੱਲ ਕਰਦਿਆਂ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਉਨ੍ਹਾਂ ਵਰਗੇ ਪਿਛੋਕੜ ਵਾਲੀਆਂ ਹੋਰ ਨੌਜਵਾਨ ਲੜਕੀਆਂ ਵੀ ਪੇਜੈਂਟਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਹੋਣਗੀਆਂ।

 

ਉਨ੍ਹਾਂ ਕਿਹਾ, “ਮੇਰੇ ਵਰਗੀਆਂ ਲੜਕੀਆਂ ਦਾ ਪੇਜੈਂਟਾਂ ਵਿੱਚ ਹਿੱਸਾ ਲੈਣਾ ਹੀ ਆਪਣੇ ਆਪ ਵਿੱਚ ਬਹੁਤ ਘੱਟ ਹੁੰਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਨ੍ਹਾਂ ਦਾ ਸਫ਼ਰ ਹੋਰਨਾਂ ਨੂੰ ਆਪਣੇ ਕੰਫ਼ਰਟ ਜ਼ੋਨ ਤੋਂ ਬਾਹਰ ਨਿਕਲ ਕੇ ਨਵੀਆਂ ਚੀਜ਼ਾਂ ਅਜ਼ਮਾਉਣ ਲਈ ਪ੍ਰੇਰਿਤ ਕਰੇਗਾ।

Comments

Leave A Comment

Required fields are marked (*).

Related

Talk to us?