ਗੁਰਦੁਆਰਾ ਸਾਹਿਬ / AI GENERATED
ਕੈਨੇਡਾ ਦੇ ਅਲਬਰਟਾ ਸੂਬੇ ਦੇ ਐਡਮਿੰਟਨ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਅੱਜ ਤੜਕੇ ਇੱਕ ਹਮਲਾਵਰ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਐਡਮਿੰਟਨ ਪੁਲੀਸ ਨੇ ਮਾਮਲੇ ਵਿੱਚ ਇੱਕ ਬਾਲਗ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲੇ ਦੇ ਪਿੱਛੇ ਕੀ ਮਕਸਦ ਸੀ।
ਜਾਣਕਾਰੀ ਮੁਤਾਬਕ ਸ਼ੱਕੀ ਦੀ ਪਛਾਣ ਇੱਕ ਗੋਰੇ ਵਿਅਕਤੀ ਵਜੋਂ ਦੱਸੀ ਜਾ ਰਹੀ ਹੈ, ਪਰ ਪੁਲੀਸ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ।
ਉੱਤਰ-ਪੂਰਬੀ ਐਡਮਿੰਟਨ ਸਥਿਤ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲੀਸ ਨੇ ਜਾਂਚ ਜਾਰੀ ਰਹਿਣ ਕਾਰਨ ਗੁਰਦੁਆਰਾ ਸਾਹਿਬ ਨੂੰ ਅਸਥਾਈ ਤੌਰ ’ਤੇ ਲੋਕਾਂ ਲਈ ਬੰਦ ਕਰ ਦਿੱਤਾ। ਐਡਮਿੰਟਨ ਪੁਲੀਸ ਸਰਵਿਸ ਮੁਤਾਬਕ ਅਧਿਕਾਰੀ ਸਵੇਰੇ 5 ਵਜੇ ਤੋਂ ਕੁਝ ਸਮੇਂ ਬਾਅਦ ਮੌਕੇ ’ਤੇ ਪਹੁੰਚੇ ਅਤੇ ਇੱਕ ਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ। ਪੈਰਾਮੈਡੀਕਲ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਮੁਹੱਈਆ ਕਰਵਾਇਆ।
ਗੁਰਦੁਆਰੇ ਦੇ ਸੇਵਾਦਾਰ ਸ਼ੇਰ ਸਿੰਘ ਨੇ ਦੱਸਿਆ ਕਿ ਸੇਵਾਦਾਰਾਂ ਨੇ ਹਮਲਾਵਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੇੜੇ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਇਸ ਕਾਰਨ ਪਾਵਨ ਸਰੂਪ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ।
ਐਡਮਿੰਟਨ ਪੁਲੀਸ ਨੇ ਕਿਹਾ ਹੈ ਕਿ ਹਮਲੇ ਦੇ ਸੰਭਾਵਿਤ ਮਕਸਦ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ (WSO) ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੰਗਠਨ ਲਗਾਤਾਰ ਚੇਤਾਵਨੀ ਦਿੰਦਾ ਆ ਰਿਹਾ ਹੈ ਕਿ ਕੈਨੇਡਾ ਵਿੱਚ ਸਿੱਖ ਵਿਰੋਧੀ ਨਫ਼ਰਤ ਵਧ ਰਹੀ ਹੈ। ਉਨ੍ਹਾਂ ਕਿਹਾ, “ਅੱਜ ਸਵੇਰੇ ਨਾਨਕਸਰ ਗੁਰਦੁਆਰੇ ਵਿੱਚ ਜੋ ਕੁਝ ਵਾਪਰਿਆ, ਉਸ ਤੋਂ ਅਸੀਂ ਬਹੁਤ ਪ੍ਰੇਸ਼ਾਨ ਹਾਂ। ਅਸੀਂ ਐਡਮਿੰਟਨ ਪੁਲੀਸ ਤੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕਰਦੇ ਹਾਂ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਹਮਲੇ ਵਿੱਚ ਨਫ਼ਰਤ ਨੇ ਕੋਈ ਭੂਮਿਕਾ ਨਿਭਾਈ ਹੈ ਜਾਂ ਨਹੀਂ।”
ਦਾਨਿਸ਼ ਸਿੰਘ ਨੇ ਸਰਕਾਰਾਂ ਨੂੰ ਪੂਜਾ ਸਥਾਨਾਂ ਦੀ ਸੁਰੱਖਿਆ ਲਈ ਮੌਜੂਦਾ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਵੀ ਅਪੀਲ ਕੀਤੀ। ਫ਼ਿਲਹਾਲ ਪੁਲੀਸ ਨੇ ਇਸ ਘਟਨਾ ਨੂੰ ਅਧਿਕਾਰਤ ਤੌਰ ’ਤੇ ‘ਹੇਟ ਕ੍ਰਾਈਮ’ ਐਲਾਨ ਨਹੀਂ ਕੀਤਾ ਹੈ।
ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਅਲਬਰਟਾ ਵਿੱਚ ਸਿੱਖ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ। ਵੀਰਵਾਰ ਨੂੰ ਕੈਲਗਰੀ ਪੁਲੀਸ ਨੇ ਉੱਤਰ-ਪੂਰਬੀ ਕੈਲਗਰੀ ਦੇ ਦੋ ਸਿੱਖ ਗੁਰਦੁਆਰਿਆਂ ਨੂੰ ਮਿਲੀਆਂ ਧਮਕੀ ਭਰੀਆਂ ਕਾਲਾਂ ਦੀ ਜਾਂਚ ਦੀ ਪੁਸ਼ਟੀ ਕੀਤੀ ਸੀ। ਇਨ੍ਹਾਂ ਵਿੱਚ ਦਸਮੇਸ਼ ਕਲਚਰ ਸੈਂਟਰ ਨੂੰ ਮਿਲੀਆਂ ਧਮਕੀਆਂ ਵੀ ਸ਼ਾਮਲ ਸਨ। ਕੈਲਗਰੀ ਦੇ ਮੇਅਰ ਜੇਰੋਮੀ ਫਰਕਾਸ ਨੇ ਵੀ ਇਨ੍ਹਾਂ ਧਮਕੀਆਂ ਦੀ ਨਿੰਦਾ ਕੀਤੀ ਸੀ।
ਨਾਨਕਸਰ ਗੁਰਦੁਆਰਾ ਗੁਰਸਿੱਖ ਟੈਂਪਲ 1410 ਹੌਰਸਹਿੱਲਜ਼ ਰੋਡ ’ਤੇ ਸਥਿਤ ਹੈ। ਮੌਜੂਦਾ ਗੁਰਦੁਆਰਾ ਕੰਪਲੈਕਸ 1996 ਵਿੱਚ ਇਸ ਥਾਂ ’ਤੇ ਸਥਾਪਤ ਕੀਤਾ ਗਿਆ ਸੀ। ਲਗਭਗ 30 ਹਜ਼ਾਰ ਵਰਗ ਫੁੱਟ ਵਿੱਚ ਫੈਲਿਆ ਇਹ ਗੁਰਦੁਆਰਾ ਅਲਬਰਟਾ ਦੇ ਵੱਡੇ ਗੁਰਦੁਆਰਿਆਂ ਵਿੱਚੋਂ ਇੱਕ ਹੈ। ਪੁਲੀਸ ਵੱਲੋਂ ਮਾਮਲੇ ਸਬੰਧੀ ਹੋਰ ਵੇਰਵੇ ਜਾਰੀ ਕੀਤੇ ਜਾਣ ਦੀ ਉਮੀਦ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login