ADVERTISEMENT

ADVERTISEMENT

ਭਾਰਤ ‘ਚ 'ਲੀਗੋ-ਇੰਡੀਆ' ਦਾ ਕੰਮ ਸ਼ੁਰੂ: ਖਗੋਲ-ਵਿਗਿਆਨ ਦੇ ਖੇਤਰ ‘ਚ ਇੱਕ ਨਵਾਂ ਅਧਿਆਏ

ਇਹ ਭਾਰਤ ਸਰਕਾਰ ਦੁਆਰਾ ਫੰਡ ਕੀਤਾ ਜਾ ਰਿਹਾ ਹੈ

ਅਮਰੀਕੀ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤ ਵਿੱਚ ਇੱਕ ਨਵੀਂ ਗੁਰੂਤਾ-ਲਹਿਰ ਆਬਜ਼ਰਵੇਟਰੀ ਦਾ ਨਿਰਮਾਣ ਕਾਰਜ 23 ਅਪ੍ਰੈਲ, 2026 ਨੂੰ ਮਹਾਰਾਸ਼ਟਰ ਦੇ ਹਿੰਗੋਲੀ ਜ਼ਿਲ੍ਹੇ ਦੇ ਔਂਢਾ ਵਿਖੇ ਸ਼ੁਰੂ ਹੋ ਗਿਆ ਹੈ। ਇਹ ਪ੍ਰੋਜੈਕਟ ਗਲੋਬਲ ਡਿਟੈਕਸ਼ਨ ਨੈੱਟਵਰਕ ਦੇ ਵਿਸਤਾਰ ਵਿੱਚ ਇੱਕ ਵੱਡਾ ਕਦਮ ਹੈ।

ਇਸ ਸਹੂਲਤ ਨੂੰ LIGO-India ਵਜੋਂ ਜਾਣਿਆ ਜਾਵੇਗਾ। ਇਹ ਭਾਰਤ ਸਰਕਾਰ ਦੁਆਰਾ ਫੰਡ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਦੀ 'ਨੈਸ਼ਨਲ ਸਾਇੰਸ ਫਾਊਂਡੇਸ਼ਨ' (NSF) ਦੇ ਤਕਨੀਕੀ ਸਹਿਯੋਗ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਦਾ ਪ੍ਰਬੰਧਨ ਕੈਲਟੈਕ ਅਤੇ MIT ਦੁਆਰਾ ਕੀਤਾ ਜਾ ਰਿਹਾ ਹੈ।
 
ਇਹ ਆਬਜ਼ਰਵੇਟਰੀ 174 ਏਕੜ ਵਿੱਚ ਫੈਲੀ ਹੋਈ ਹੈ। ਘੱਟ ਭੂਚਾਲ ਵਾਲੀ ਗਤੀਵਿਧੀ ਕਾਰਨ ਇਸ ਸਥਾਨ ਦੀ ਚੋਣ ਕੀਤੀ ਗਈ ਹੈ ਤਾਂ ਜੋ ਸੰਵੇਦਨਸ਼ੀਲ ਮਾਪਾਂ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਦਾ ਡਿਜ਼ਾਈਨ ਅਮਰੀਕਾ ਦੇ ਹੈਨਫੋਰਡ ਅਤੇ ਲਿਵਿੰਗਸਟਨ ਸਥਿਤ ਡਿਟੈਕਟਰਾਂ ਵਰਗਾ ਹੋਵੇਗਾ, ਜਿਸ ਵਿੱਚ 4 ਕਿਲੋਮੀਟਰ ਲੰਬੀਆਂ ਦੋ ਬਾਹਾਂ ਵਾਲਾ ਇੱਕ ਉੱਨਤ ਲੇਜ਼ਰ ਇੰਟਰਫੇਰੋਮੀਟਰ ਹੋਵੇਗਾ।

LIGO ਨੇ ਪਹਿਲੀ ਵਾਰ 2015 ਵਿੱਚ ਗੁਰੂਤਾ ਲਹਿਰਾਂ ਦਾ ਪਤਾ ਲਗਾਇਆ ਸੀ, ਜਿਸ ਨੇ ਐਲਬਰਟ ਆਈਨਸਟਾਈਨ ਦੇ ਠਿਓਰੀ ਆਫ ਰੈਲੇਟੀਵੀਟੀ ਦੀ ਪੁਸ਼ਟੀ ਕੀਤੀ ਸੀ। ਹੁਣ ਤੱਕ ਬਲੈਕ ਹੋਲ ਅਤੇ ਨਿਊਟ੍ਰੋਨ ਤਾਰਿਆਂ ਦੇ ਟਕਰਾਅ ਤੋਂ 200 ਤੋਂ ਵੱਧ ਸਿਗਨਲ ਦਰਜ ਕੀਤੇ ਜਾ ਚੁੱਕੇ ਹਨ।

ਕੈਲਟੈਕ ਦੇ ਫਿਜ਼ਿਕਸ ਪ੍ਰੋਫੈਸਰ ਰਾਣਾ ਅਧਿਕਾਰੀ ਅਨੁਸਾਰ, ਇਸ ਆਬਜ਼ਰਵੇਟਰੀ ਵਿੱਚ ਲਗਾਈ ਜਾਣ ਵਾਲੀ ਤਕਨਾਲੋਜੀ ਮੌਜੂਦਾ ਅਮਰੀਕੀ ਡਿਟੈਕਟਰਾਂ ਨਾਲੋਂ ਵੀ ਵਧੇਰੇ ਆਧੁਨਿਕ ਅਤੇ ਸੰਵੇਦਨਸ਼ੀਲ ਹੋਵੇਗੀ।

LIGO ਦੇ ਕਾਰਜਕਾਰੀ ਨਿਰਦੇਸ਼ਕ ਡੇਵਿਡ ਰੀਤਜ਼ੇ ਨੇ ਕਿਹਾ ਕਿ ਇਸ ਵੱਡੇ ਨਿਵੇਸ਼ ਰਾਹੀਂ ਭਾਰਤ ਨਾ ਸਿਰਫ ਬ੍ਰਹਿਮੰਡੀ ਟਕਰਾਅ ਨੂੰ ਸਮਝਣ ਦੀ ਆਪਣੀ ਸਮਰੱਥਾ ਵਧਾ ਰਿਹਾ ਹੈ, ਬਲਕਿ ਖਗੋਲ-ਭੌਤਿਕ ਵਿਗਿਆਨ ਦੇ ਖੇਤਰ ਵਿੱਚ ਇੱਕ ਵਿਸ਼ਵ ਲੀਡਰ ਵਜੋਂ ਵੀ ਉੱਭਰ ਰਿਹਾ ਹੈ।

ਇਸ ਪ੍ਰੋਜੈਕਟ ਵਿੱਚ ਭਾਰਤ ਦੀਆਂ 60 ਤੋਂ ਵੱਧ ਸੰਸਥਾਵਾਂ ਅਤੇ ਸੈਂਕੜੇ ਖੋਜਕਰਤਾ ਯੋਗਦਾਨ ਪਾਉਣਗੇ, ਜੋ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਣਗੇ।

Comments

Leave A Comment

Required fields are marked (*).

Related

Talk to us?