ADVERTISEMENT

ADVERTISEMENT

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ

ਬੰਦ ਦਾ ਮੁੱਖ ਪ੍ਰਭਾਵ ਬਾਜ਼ਾਰਾਂ, ਨਿੱਜੀ ਵਪਾਰਕ ਅਦਾਰਿਆਂ ਅਤੇ ਆਵਾਜਾਈ ’ਤੇ ਰਿਹਾ, ਜਦਕਿ ਜ਼ਰੂਰੀ ਸੇਵਾਵਾਂ ਨੂੰ ਚਾਲੂ ਰੱਖਣ ਦੀ ਕੀਤੀ ਗਈ ਅਪੀਲ

 ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ / Photo Courtesy

ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਪਰੋਲ ਦੇਣ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਬੰਦ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਖਿਆ ਗਿਆ ਸੀ। ਮਾਝਾ, ਮਾਲਵਾ ਅਤੇ ਦੁਆਬਾ ਖੇਤਰ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ ਬਾਜ਼ਾਰ ਬੰਦ ਰਹੇ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਕੌਮੀ ਇਨਸਾਫ਼ ਮੋਰਚੇ ਦੀ ਮੁੱਖ ਮੰਗ ਉਨ੍ਹਾਂ ਸਿੱਖ ਬੰਦੀਆਂ ਦੀ ਰਿਹਾਈ ਹੈ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਸ ਦੇ ਨਾਲ ਹੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾਤਾ ਨਾਲ ਮੁਲਾਕਾਤ ਲਈ ਪਰੋਲ ਦੇਣ ਦੀ ਮੰਗ ਵੀ ਉਠਾਈ ਗਈ।

ਪੰਜਾਬ ਬੰਦ ਦਾ ਅਸਰ ਕਈ ਸ਼ਹਿਰਾਂ ਅਤੇ ਕਸਬਿਆਂ ਦੇ ਬਾਜ਼ਾਰਾਂ ਵਿੱਚ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਕੱਥੂ ਨੰਗਲ ਅਤੇ ਆਸ-ਪਾਸ ਦੇ ਕਸਬਿਆਂ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ, ਜਦਕਿ ਕੱਥੂ ਨੰਗਲ ਟੋਲ ਪਲਾਜ਼ਾ ’ਤੇ ਆਮ ਦਿਨਾਂ ਦੇ ਮੁਕਾਬਲੇ ਆਵਾਜਾਈ ਬਹੁਤ ਘੱਟ ਰਹੀ।

ਬਠਿੰਡਾ, ਰਾਮਪੁਰਾ ਫੂਲ, ਮੌੜ, ਭਗਤਾ ਭਾਈਕਾ ਸਮੇਤ ਕਈ ਥਾਵਾਂ ’ਤੇ ਧਰਨੇ ਦਿੱਤੇ ਗਏ। ਬਾਜ਼ਾਰਾਂ ਵਿੱਚ ਦੁਕਾਨਾਂ ਬੰਦ ਰਹਿਣ ਕਾਰਨ ਆਮ ਕਾਰੋਬਾਰੀ ਗਤੀਵਿਧੀਆਂ ਪ੍ਰਭਾਵਿਤ ਹੋਈਆਂ। ਕਈ ਥਾਵਾਂ ’ਤੇ ਬੱਸ ਸੇਵਾ ਵੀ ਠੱਪ ਰਹੀ।

ਸੁਲਤਾਨਪੁਰ ਲੋਧੀ ਵਿੱਚ ਵੀ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਰਹੇ ਅਤੇ ਮੁੱਖ ਸੜਕਾਂ ’ਤੇ ਆਵਾਜਾਈ ਬੇਹੱਦ ਘੱਟ ਰਹੀ। ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਮਰਥਕਾਂ ਵੱਲੋਂ ਸ਼ਾਂਤੀਪੂਰਵਕ ਰੋਸ ਮਾਰਚ ਵੀ ਕੱਢਿਆ ਗਿਆ।

ਮੋਹਾਲੀ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਯਾਦਵਿੰਦਰਾ ਚੌਂਕ ਨੇੜੇ ਕੌਮੀ ਇਨਸਾਫ਼ ਮੋਰਚੇ ਦੇ ਸਥਾਨ ਦੇ ਆਸ-ਪਾਸ ਕਾਰਕੁਨਾਂ ਵੱਲੋਂ ਆਵਾਜਾਈ ਰੋਕਣ ਲਈ ਜਾਮ ਲਗਾਇਆ ਗਿਆ। ਮੋਹਾਲੀ, ਬਨੂੜ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਨਿੱਜੀ ਸਕੂਲ ਬੰਦ ਰਹੇ, ਜਦਕਿ ਬੱਸ ਸੇਵਾ ਨਾਮਾਤਰ ਰਹੀ।

ਹਾਲਾਂਕਿ ਸਰਕਾਰੀ ਦਫ਼ਤਰਾਂ ਅਤੇ ਕੁਝ ਫੈਕਟਰੀਆਂ ਵਿੱਚ ਕੰਮਕਾਜ ਆਮ ਤਰ੍ਹਾਂ ਜਾਰੀ ਰਿਹਾ। ਬਨੂੜ, ਸਨੇਟਾ ਅਤੇ ਦੈੜੀ ਸਮੇਤ ਕਈ ਕਸਬਿਆਂ ਵਿੱਚ ਵੀ ਦੁਕਾਨਾਂ ਬੰਦ ਰਹੀਆਂ। ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਸ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਗਸ਼ਤ ਕੀਤੀ ਗਈ।

ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਬੰਦ ਦੇ ਸਮਰਥਨ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕਰਦਿਆਂ ਸੜਕ ’ਤੇ ਆਵਾਜਾਈ ਰੋਕੀ ਗਈ। ਇਸ ਦੌਰਾਨ ਪੁਲਸ ਨੇ ਰਸਤਾ ਖੋਲ੍ਹਣ ਦੀ ਅਪੀਲ ਕੀਤੀ, ਜਿਸ ਨੂੰ ਲੈ ਕੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀ ਬਹਿਸ ਹੋਈ।

ਬੰਦ ਦੇ ਸੱਦੇ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਸੀ। ਵੱਖ-ਵੱਖ ਰਿਪੋਰਟਾਂ ਮੁਤਾਬਕ ਬੰਦ ਦਾ ਮੁੱਖ ਪ੍ਰਭਾਵ ਬਾਜ਼ਾਰਾਂ, ਨਿੱਜੀ ਵਪਾਰਕ ਅਦਾਰਿਆਂ ਅਤੇ ਆਵਾਜਾਈ ’ਤੇ ਰਿਹਾ, ਜਦਕਿ ਜ਼ਰੂਰੀ ਸੇਵਾਵਾਂ ਨੂੰ ਚਾਲੂ ਰੱਖਣ ਦੀ ਅਪੀਲ ਕੀਤੀ ਗਈ।

ਪੰਜਾਬ ਬੰਦ ਦੇ ਮੱਦੇਨਜ਼ਰ ਕਈ ਨਿੱਜੀ ਸਕੂਲਾਂ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀਆਂ 21 ਅਗਸਤ ਨੂੰ ਹੋਣ ਵਾਲੀਆਂ ਕੁਝ ਪ੍ਰੀਖਿਆਵਾਂ ਨੂੰ ਵੀ ਮੁੜ ਨਿਰਧਾਰਤ ਕੀਤਾ ਗਿਆ।

ਬੰਦ ਦੇ ਸੱਦੇ ਨੂੰ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਵੀ ਸਮਰਥਨ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਪਹਿਲਾਂ ਤੋਂ ਨਿਰਧਾਰਤ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 21 ਅਗਸਤ ਦੀ ਥਾਂ 22 ਅਗਸਤ ਨੂੰ ਕਰਨ ਦਾ ਫੈਸਲਾ ਕੀਤਾ। 
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਥੇ ਆਪ ਹਮੇਸ਼ਾਂ ਯਤਨਸ਼ੀਲ ਰਹੀ ਹੈ, ਉਥੇ ਹੀ ਇਸ ਕਾਰਜ ਲਈ ਹਰ ਸੰਘਰਸ਼ ਦਾ ਪੂਰਨ ਰੂਪ ਵਿਚ ਸਮਰਥਨ ਵੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਥਾਂ ਇਸ ਸਬੰਧੀ ਸੰਘਰਸ਼ ਕਰਨ ਵਾਲਿਆਂ ਦੀ ਅਵਾਜ਼ ਨੂੰ ਹੀ ਦਬਾਉਣਾ ਚਾਹੁੰਦੀ ਹੈ, ਜਿਸ ਦਾ ਇਨਸਾਫ਼ਪਸੰਦ ਹਰ ਵਿਅਕਤੀ ਨੂੰ ਵਿਰੋਧ ਕਰਨਾ ਚਾਹੀਦਾ ਹੈ।  ਸ਼੍ਰੋਮਣੀ ਕਮੇਟੀ ਦਫ਼ਤਰ ਤੇ ਸਮੂਹ ਅਦਾਰੇ ਵੀ ਬੰਦ ਰੱਖੇ ਗਏ। 
ਕਈ ਥਾਵਾਂ ’ਤੇ ਦੁਕਾਨਦਾਰਾਂ ਅਤੇ ਵਪਾਰੀਆਂ ਨੇ ਆਪਣੇ ਪੱਧਰ ’ਤੇ ਦੁਕਾਨਾਂ ਬੰਦ ਰੱਖ ਕੇ ਬੰਦ ਦਾ ਸਮਰਥਨ ਕੀਤਾ। ਕੌਮੀ ਇਨਸਾਫ਼ ਮੋਰਚੇ ਨਾਲ ਜੁੜੇ ਆਗੂਆਂ ਨੇ ਬੰਦ ਨੂੰ ਸਫਲ ਬਣਾਉਣ ਲਈ ਲੋਕਾਂ, ਵਪਾਰੀਆਂ ਅਤੇ ਹੋਰ ਵਰਗਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬੰਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪਰੋਲ ਦੀ ਮੰਗ ਨੂੰ ਸਰਕਾਰ ਤੱਕ ਹੋਰ ਜ਼ੋਰਦਾਰ ਢੰਗ ਨਾਲ ਪਹੁੰਚਾਉਣ ਲਈ ਕੀਤਾ ਗਿਆ ਹੈ।
ਪੰਜਾਬ ਬੰਦ ਦੌਰਾਨ ਜ਼ਿਆਦਾਤਰ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਅਤੇ ਧਰਨੇ ਸ਼ਾਂਤਮਈ ਰਹੇ, ਹਾਲਾਂਕਿ ਕੁਝ ਸਥਾਨਾਂ ’ਤੇ ਆਵਾਜਾਈ ਰੋਕਣ ਨੂੰ ਲੈ ਕੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਕਰਾਰ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ।

Comments

Leave A Comment

Required fields are marked (*).

Related

Talk to us?