28 ਸਾਲਾ ਨੌਜਵਾਨ ਉਮੰਗ ਧਵਨ / Photo Courtesy
ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਗਏ ਭਿੱਖੀਵਿੰਡ ਦੇ 28 ਸਾਲਾ ਨੌਜਵਾਨ ਉਮੰਗ ਧਵਨ ਦੀ ਕੈਨੇਡਾ ਦੇ ਵਿਨੀਪੈਗ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਉਮੰਗ ਧਵਨ ਪ੍ਰਦੀਪ ਕੁਮਾਰ ਧਵਨ ਦਾ ਪੁੱਤਰ ਸੀ ਅਤੇ ਉਹ ਸਾਲ 2017 ਵਿੱਚ ਵਰਕ ਪਰਮਿਟ 'ਤੇ ਕੈਨੇਡਾ ਗਿਆ ਸੀ। ਬਾਅਦ ਵਿੱਚ ਉਸ ਨੂੰ ਪੀ.ਆਰ. ਵੀ ਮਿਲ ਗਈ ਸੀ। ਪਰਿਵਾਰ ਵੱਲੋਂ ਉਸ ਦੇ ਵਿਆਹ ਦੀਆਂ ਤਿਆਰੀਆਂ ਅਤੇ ਗੱਲਬਾਤ ਚੱਲ ਰਹੀ ਸੀ, ਪਰ ਇਸ ਅਚਾਨਕ ਵਾਪਰੇ ਹਾਦਸੇ ਨੇ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉੱਤੇ ਪਾਣੀ ਫੇਰ ਦਿੱਤਾ।
ਮ੍ਰਿਤਕ ਦੇ ਪਿਤਾ ਪ੍ਰਦੀਪ ਕੁਮਾਰ ਧਵਨ, ਜੋ ਐਮੀਨੈਂਸ ਸਕੂਲ ਖਾਲੜਾ ਵਿੱਚ ਅਧਿਆਪਕ ਹਨ, ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਹੀ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਰਹਿੰਦੇ ਹਨ। ਸੋਮਵਾਰ ਦੇਰ ਰਾਤ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਮਿਲੀ ਕਿ ਉਮੰਗ ਟਰਾਲਾ ਲੈ ਕੇ ਜਾ ਰਿਹਾ ਸੀ, ਜਿਸ ਦੌਰਾਨ ਵਾਪਰੇ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਪੁੱਤਰ ਨਾਲ ਫੋਨ 'ਤੇ ਗੱਲਬਾਤ ਵੀ ਹੋਈ ਸੀ।
ਉਮੰਗ ਅਜੇ ਕੁਵਾਰਾ ਸੀ ਅਤੇ ਆਪਣੇ ਸੁਨਹਿਰੇ ਭਵਿੱਖ ਦੀਆਂ ਆਸਾਂ ਨਾਲ ਕੈਨੇਡਾ ਵਿੱਚ ਮਿਹਨਤ ਕਰ ਰਿਹਾ ਸੀ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਮੌਕੇ ਵਿਧਾਇਕ ਸਰਵਣ ਸਿੰਘ ਧੁੰਨ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਸੁਖਪਾਲ ਸਿੰਘ ਭੁੱਲਰ ਸਮੇਤ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਤਾਕਤ ਬਖ਼ਸ਼ਣ ਲਈ ਅਰਦਾਸ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login