ADVERTISEMENT

ADVERTISEMENT

ਟਰੰਪ ਨੇ ਤਿੰਨ ਅਮਰੀਕੀ ਸੈਨਿਕਾਂ ਨੂੰ ਮੈਡਲ ਆਫ਼ ਆਨਰ ਨਾਲ ਕੀਤਾ ਸਨਮਾਨਿਤ

ਵਿਅਤਨਾਮ ਯੁੱਧ ਅਤੇ ਅਫ਼ਗਾਨਿਸਤਾਨ ਵਿੱਚ ਦਿਖਾਈ ਅਸਾਧਾਰਣ ਬਹਾਦਰੀ ਲਈ ਮਿਲਿਆ ਅਮਰੀਕਾ ਦਾ ਸਰਵੋਚ ਸੈਨਿਕ ਸਨਮਾਨ

 ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ / X/@WhiteHouse

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸਰਵੋਚ ਸੈਨਿਕ ਸਨਮਾਨ "ਮੈਡਲ ਆਫ਼ ਆਨਰ" ਨਾਲ ਤਿੰਨ ਅਮਰੀਕੀ ਸੈਨਿਕਾਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਵਿੱਚ ਸੇਵਾਮੁਕਤ ਮਰੀਨ ਮੇਜਰ ਜੇਮਸ ਕੇਪਰਜ਼ ਜੂਨੀਅਰ, ਸੇਵਾਮੁਕਤ ਆਰਮੀ ਮੇਜਰ ਨਿਕੋਲਸ ਡੌਕਰੀ ਅਤੇ ਮਰਨ ਉਪਰੰਤ ਮਰੀਨ ਕਰਨਲ ਜੌਨ ਡਬਲਯੂ. ਰਿਪਲੇ ਸ਼ਾਮਲ ਹਨ। ਇਹ ਸਨਮਾਨ ਉਨ੍ਹਾਂ ਨੂੰ ਵਿਅਤਨਾਮ ਯੁੱਧ ਅਤੇ ਅਫ਼ਗਾਨਿਸਤਾਨ ਵਿੱਚ ਦਿਖਾਈ ਅਸਾਧਾਰਣ ਬਹਾਦਰੀ ਅਤੇ ਕੁਰਬਾਨੀ ਲਈ ਦਿੱਤਾ ਗਿਆ।

 

ਵ੍ਹਾਈਟ ਹਾਊਸ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਟਰੰਪ ਨੇ ਤਿੰਨਾਂ ਸੈਨਿਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਅਮਰੀਕੀ ਸਸ਼ਸਤ੍ਰ ਬਲਾਂ ਦੀ ਹਿੰਮਤ, ਫ਼ਰਜ਼ ਨਿਭਾਉਣ ਦੀ ਭਾਵਨਾ ਅਤੇ ਬਲਿਦਾਨ ਦੀ ਜੀਵੰਤ ਮਿਸਾਲ ਹਨ। ਉਨ੍ਹਾਂ ਕਿਹਾ ਕਿ ਮੈਡਲ ਆਫ਼ ਆਨਰ ਸਿਰਫ਼ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਸਧਾਰਣ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੋਵੇ।

 

ਜੇਮਸ ਕੇਪਰਜ਼ ਜੂਨੀਅਰ ਨੂੰ 1967 ਵਿੱਚ ਵਿਅਤਨਾਮ ਵਿੱਚ ਚਾਰ ਦਿਨਾਂ ਦੇ ਇੱਕ ਖੁਫੀਆ ਮਿਸ਼ਨ ਦੌਰਾਨ ਦਿਖਾਈ ਬਹਾਦਰੀ ਲਈ ਇਹ ਸਨਮਾਨ ਦਿੱਤਾ ਗਿਆ। ਵ੍ਹਾਈਟ ਹਾਊਸ ਅਨੁਸਾਰ ਉਸ ਸਮੇਂ ਸੈਕਿੰਡ ਲੈਫ਼ਟੀਨੈਂਟ ਰਹੇ ਕੇਪਰਜ਼ ਅਤੇ ਉਨ੍ਹਾਂ ਦੀ ਟੀਮ ਇੱਕ ਉੱਤਰੀ ਵਿਅਤਨਾਮੀ ਫ਼ੌਜੀ ਕੈਂਪ ਦਾ ਪਤਾ ਲਗਾਉਣ ਦੇ ਮਿਸ਼ਨ 'ਤੇ ਸੀ। ਇਸ ਦੌਰਾਨ ਉਨ੍ਹਾਂ ਦਾ ਸਾਹਮਣਾ ਵੱਡੀ ਦੁਸ਼ਮਣ ਫ਼ੌਜ ਨਾਲ ਹੋਇਆ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੇਪਰਜ਼ ਨੇ ਆਪਣੇ ਸਾਥੀਆਂ ਦੀ ਅਗਵਾਈ ਜਾਰੀ ਰੱਖੀ ਅਤੇ ਸਹਾਇਕ ਹਵਾਈ ਹਮਲਿਆਂ ਦਾ ਤਾਲਮੇਲ ਵੀ ਕੀਤਾ।

 

ਟਰੰਪ ਨੇ ਕਿਹਾ ਕਿ ਕੇਪਰਜ਼ ਨੂੰ ਮੈਡਲ ਆਫ਼ ਆਨਰ ਲਈ 1967 ਵਿੱਚ ਹੀ ਸਿਫ਼ਾਰਸ਼ ਕੀਤੀ ਗਈ ਸੀ, ਪਰ ਉਨ੍ਹਾਂ ਦੇ ਕਮਾਂਡਿੰਗ ਅਫ਼ਸਰ ਦੀ ਮੌਤ ਕਾਰਨ ਸਨਮਾਨ ਦੀ ਪ੍ਰਕਿਰਿਆ ਅਧੂਰੀ ਰਹਿ ਗਈ। ਉਨ੍ਹਾਂ ਕਿਹਾ ਕਿ ਦੇਸ਼ ਨੇ ਕੇਪਰਜ਼ ਨੂੰ ਇਹ ਸਨਮਾਨ ਦੇਣ ਵਿੱਚ ਕਾਫ਼ੀ ਦੇਰ ਕਰ ਦਿੱਤੀ।

 

ਮਰੀਨ ਕਰਨਲ ਜੌਨ ਡਬਲਯੂ. ਰਿਪਲੇ ਨੂੰ ਮਰਨ ਉਪਰੰਤ ਇਹ ਸਨਮਾਨ ਦਿੱਤਾ ਗਿਆ। 2 ਅਪ੍ਰੈਲ 1972 ਨੂੰ ਉੱਤਰੀ ਵਿਅਤਨਾਮੀ ਹਮਲੇ ਦੌਰਾਨ ਰਿਪਲੇ ਨੇ ਭਾਰੀ ਗੋਲੀਬਾਰੀ ਦੇ ਵਿਚਕਾਰ ਇੱਕ ਪੁਲ ਦੇ ਹੇਠਾਂ ਕਈ ਵਾਰ ਜਾ ਕੇ 500 ਪੌਂਡ ਤੋਂ ਵੱਧ ਵਿਸਫੋਟਕ ਸਮੱਗਰੀ ਲਗਾਈ। ਇਸ ਕਾਰਵਾਈ ਨਾਲ ਪੁਲ ਤਬਾਹ ਹੋ ਗਿਆ ਅਤੇ ਦੁਸ਼ਮਣ ਦੀ ਅੱਗੇ ਵੱਧ ਰਹੀ ਫ਼ੌਜ ਨੂੰ ਰੋਕਣ ਵਿੱਚ ਮਦਦ ਮਿਲੀ।

 

ਟਰੰਪ ਨੇ ਕਿਹਾ ਕਿ ਰਿਪਲੇ ਨੇ ਲਗਾਤਾਰ ਪੰਜ ਘੰਟੇ ਤੱਕ ਵਿਸਫੋਟਕ ਸਮੱਗਰੀ ਢੋਈ, ਉਸ ਨੂੰ ਲਗਾਇਆ ਅਤੇ ਅੰਤ ਵਿੱਚ ਪੁਲ ਨੂੰ ਉਡਾ ਕੇ ਦੁਸ਼ਮਣ ਦੀ ਪੇਸ਼ਕਦਮੀ ਨੂੰ ਰੋਕ ਦਿੱਤਾ।

 

ਮੇਜਰ ਨਿਕੋਲਸ ਡੌਕਰੀ ਨੂੰ 2012 ਵਿੱਚ ਅਫ਼ਗਾਨਿਸਤਾਨ ਦੇ ਕਾਪੀਸਾ ਸੂਬੇ ਵਿੱਚ ਤਾਲਿਬਾਨ ਦੇ ਹਮਲੇ ਦੌਰਾਨ ਦਿਖਾਈ ਬਹਾਦਰੀ ਲਈ ਮੈਡਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਵ੍ਹਾਈਟ ਹਾਊਸ ਮੁਤਾਬਕ ਡੌਕਰੀ ਨੇ ਵਾਰ-ਵਾਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਜ਼ਖ਼ਮੀ ਸਾਥੀ ਸੈਨਿਕਾਂ ਨੂੰ ਬਚਾਇਆ, ਜਵਾਬੀ ਕਾਰਵਾਈ ਦੀ ਅਗਵਾਈ ਕੀਤੀ ਅਤੇ ਹਵਾਈ ਸਹਾਇਤਾ ਦਾ ਤਾਲਮੇਲ ਕੀਤਾ।

 

ਟਰੰਪ ਨੇ ਕਿਹਾ ਕਿ ਡੌਕਰੀ ਨੇ ਮੋਰਟਾਰ ਹਮਲਿਆਂ ਦੇ ਵਿਚਕਾਰ ਆਪਣੇ ਜ਼ਖ਼ਮੀ ਸਾਥੀ ਨੂੰ ਆਪਣੇ ਸਰੀਰ ਨਾਲ ਢੱਕ ਕੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਡੌਕਰੀ ਉਸ ਦਿਨ ਜੰਗੀ ਮੈਦਾਨ ਛੱਡਣ ਵਾਲੇ ਆਖ਼ਰੀ ਸੈਨਿਕ ਸਨ ਅਤੇ ਇੱਕ ਹੀਰੋ ਵਜੋਂ ਉੱਭਰੇ।

 

ਸਮਾਗਮ ਦੇ ਅੰਤ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਆਪਣੇ ਉਨ੍ਹਾਂ ਸੈਨਿਕਾਂ ਦਾ ਸਦੀਵ ਰਿਣੀ ਰਹੇਗਾ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਨੂੰ ਜੋਖ਼ਮ ਵਿੱਚ ਪਾਇਆ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਸਥਾਪਨਾ ਦੇ 250ਵੇਂ ਵਰ੍ਹੇ ਦੇ ਮੌਕੇ 'ਤੇ ਦੇਸ਼ ਅਜਿਹੇ ਬਹਾਦਰ ਨਾਇਕਾਂ ਨੂੰ ਯਾਦ ਕਰ ਰਿਹਾ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਰਾਸ਼ਟਰ ਨੂੰ ਮਜ਼ਬੂਤ ਬਣਾਇਆ।

 

ਮੈਡਲ ਆਫ਼ ਆਨਰ ਅਮਰੀਕੀ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਸੈਨਿਕ ਸਨਮਾਨ ਹੈ। ਇਹ ਉਹਨਾਂ ਸੈਨਿਕਾਂ ਨੂੰ ਦਿੱਤਾ ਜਾਂਦਾ ਹੈ, ਜੋ ਫ਼ਰਜ਼ ਤੋਂ ਉੱਪਰ ਉੱਠ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਸਾਧਾਰਣ ਬਹਾਦਰੀ ਅਤੇ ਦਲੇਰੀ ਦਾ ਪ੍ਰਦਰਸ਼ਨ ਕਰਦੇ ਹਨ।

Comments

Leave A Comment

Required fields are marked (*).

Related

Talk to us?