ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / Photo Courtesy
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਵਿੱਚ ਸ਼ਾਂਤੀ ਕਾਇਮ ਕਰਨ ਲਈ ਐਲਾਨੇ ਗਏ ਸਮਝੌਤੇ ਨੂੰ "ਵੱਡੀ ਕਾਮਯਾਬੀ" ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਮੱਧ ਪੂਰਬ ਲਈ ਇੱਕ ਅਹਿਮ ਮੋੜ ਸਾਬਤ ਹੋ ਸਕਦਾ ਹੈ। ਹਾਲਾਂਕਿ ਹਮਾਸ ਅਤੇ ਇਜ਼ਰਾਈਲ ਦੋਵਾਂ ਵੱਲੋਂ ਦਿੱਤੀਆਂ ਪ੍ਰਤੀਕਿਰਿਆਵਾਂ ਤੋਂ ਸੰਕੇਤ ਮਿਲੇ ਹਨ ਕਿ ਇਸ ਸਮਝੌਤੇ ਨੂੰ ਲਾਗੂ ਕਰਨ ਤੋਂ ਪਹਿਲਾਂ ਅਜੇ ਵੀ ਕਈ ਮਹੱਤਵਪੂਰਨ ਰੁਕਾਵਟਾਂ ਮੌਜੂਦ ਹਨ।
ਟਰੰਪ ਨੇ ਇੱਕ ਦਿਨ ਪਹਿਲਾਂ ਇਸ ਸਮਝੌਤੇ ਨੂੰ ਗਾਜ਼ਾ ਜੰਗ ਖ਼ਤਮ ਕਰਨ ਵੱਲ ਇੱਕ "ਵੱਡਾ ਮੀਲ ਪੱਥਰ" ਦੱਸਦਿਆਂ ਕਿਹਾ ਸੀ ਕਿ ਇਸ ਤਹਿਤ ਹਮਾਸ ਅਤੇ ਹੋਰ ਹਥਿਆਰਬੰਦ ਗਰੁੱਪਾਂ ਦਾ ਪੂਰਨ ਨਿਸ਼ਸਤਰੀਕਰਨ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਉਨ੍ਹਾਂ ਕਿਹਾ ਕਿ ਇਹ ਮੱਧ ਪੂਰਬ ਲਈ ਇੱਕ ਵੱਡਾ ਕਦਮ ਹੈ ਅਤੇ ਦੁਨੀਆ ਭਰ ਦੇ ਲੋਕ ਇਸ ਤੋਂ ਪ੍ਰਭਾਵਿਤ ਹਨ ਅਤੇ ਇਸ ਨੂੰ ਹੈਰਾਨੀਜਨਕ ਪ੍ਰਾਪਤੀ ਵਜੋਂ ਦੇਖ ਰਹੇ ਹਨ।
ਟਰੰਪ ਵੱਲੋਂ ਆਪਣੇ "ਬੋਰਡ ਆਫ਼ ਪੀਸ" ਰਾਹੀਂ ਸਮਝੌਤੇ ਦਾ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਪਿਛਲੇ ਸਾਲ ਮਿਸਰ ਦੇ ਸ਼ਰਮ ਅਲ-ਸ਼ੇਖ ਵਿੱਚ ਹੋਏ ਜੰਗਬੰਦੀ ਸਮਝੌਤੇ ਨੂੰ ਬਰਕਰਾਰ ਰੱਖਣ ਲਈ ਕਈ ਮਹੀਨਿਆਂ ਤੋਂ ਯਤਨ ਕੀਤੇ ਜਾ ਰਹੇ ਸਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਾਸ ਅਤੇ ਇਜ਼ਰਾਈਲ ਇਸ ਸਮਝੌਤੇ ਦੇ ਪਿੱਛੇ ਕਿੰਨੀ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਆਪਸੀ ਅਵਿਸ਼ਵਾਸ ਅਤੇ ਇੱਕ-ਦੂਜੇ ਤੋਂ ਪਹਿਲਾਂ ਕਦਮ ਚੁੱਕਣ ਦੀ ਜ਼ਿੱਦ ਕਾਰਨ ਕਈ ਸਮਝੌਤੇ ਅਸਫਲ ਰਹੇ ਹਨ।
ਗੱਲਬਾਤ ਨਾਲ ਜੁੜੇ ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਮਝੌਤੇ ਨੂੰ ਲਾਗੂ ਕਰਨ ਲਈ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਪਿਛਲੇ ਸਾਲ ਹੋਏ ਸਮਝੌਤੇ ਤਹਿਤ ਆਪਣੀਆਂ ਵਚਨਬੱਧਤਾਵਾਂ ਪੂਰੀਆਂ ਕਰਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਫ਼ੌਜੀ ਕਾਰਵਾਈਆਂ ਨੂੰ ਪੜਾਅਵਾਰ ਖ਼ਤਮ ਕਰਨਾ ਅਤੇ ਗਾਜ਼ਾ ਵਿੱਚੋਂ ਆਪਣੀਆਂ ਫ਼ੌਜਾਂ ਦੀ ਵਾਪਸੀ ਸ਼ਾਮਲ ਹੈ। ਦੂਜੇ ਪਾਸੇ ਇੱਕ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਦਾ ਰੁਖ਼ ਅਜੇ ਵੀ ਇਹੀ ਹੈ ਕਿ ਜਦੋਂ ਤੱਕ ਹਮਾਸ ਦਾ ਅਸਲ ਅਤੇ ਪੂਰਨ ਨਿਸ਼ਸਤਰੀਕਰਨ ਨਹੀਂ ਹੁੰਦਾ, ਉਦੋਂ ਤੱਕ ਇਜ਼ਰਾਈਲੀ ਫ਼ੌਜ ਮੌਜੂਦਾ "ਯੈਲੋ ਲਾਈਨ" ਤੋਂ ਕਿਸੇ ਵੀ ਹਾਲਤ ਵਿੱਚ ਪਿੱਛੇ ਨਹੀਂ ਹਟੇਗੀ।
ਵਾਸ਼ਿੰਗਟਨ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਇਜ਼ਰਾਈਲ ਇਸ ਸਮਝੌਤੇ ਨੂੰ ਲੈ ਕੇ "ਬਹੁਤ ਖ਼ੁਸ਼" ਹੈ ਅਤੇ ਇਸ ਨੇ ਇਸ ਦਿਸ਼ਾ ਵਿੱਚ ਸਹਿਯੋਗ ਦਿੱਤਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਮੰਨਿਆ ਕਿ ਇਹ ਬਹੁਤ ਗੁੰਝਲਦਾਰ ਸਥਿਤੀ ਹੈ ਅਤੇ ਇਸ ਵਿੱਚ ਉਤਾਰ-ਚੜ੍ਹਾਅ ਆ ਸਕਦੇ ਹਨ। ਦੂਜੇ ਪਾਸੇ ਇੱਕ ਇਜ਼ਰਾਈਲੀ ਸਿਆਸੀ ਸਰੋਤ ਨੇ ਕਿਹਾ ਕਿ ਨੇਤਨਯਾਹੂ ਅਤੇ ਟਰੰਪ ਦੀ ਮੁਲਾਕਾਤ ਦੌਰਾਨ ਗਾਜ਼ਾ ਦਾ ਮੁੱਦਾ ਚਰਚਾ ਦਾ ਵਿਸ਼ਾ ਹੀ ਨਹੀਂ ਬਣਿਆ।
ਹਮਾਸ ਨੇ ਵੀ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਸਮਝੌਤੇ ਵੱਲ ਪਹਿਲਾ ਕਦਮ ਇਜ਼ਰਾਈਲ ਵੱਲੋਂ ਹਮਲੇ ਰੋਕਣ ਅਤੇ ਕਤਲੇਆਮ ਬੰਦ ਕਰਨ ਦੀ ਵਚਨਬੱਧਤਾ ਹੋਣੀ ਚਾਹੀਦੀ ਹੈ। ਇਸੇ ਦੌਰਾਨ ਟਰੰਪ ਵੱਲੋਂ ਸਮਝੌਤੇ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲੀ ਹਵਾਈ ਹਮਲਿਆਂ ਅਤੇ ਗੋਲੀਬਾਰੀ ਵਿੱਚ ਇੱਕ ਫਲਸਤੀਨੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।
ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਉਹ ਇੱਕ ਅਜਿਹੀ ਘਟਨਾ ਦੀ ਸਮੀਖਿਆ ਕਰ ਰਹੀ ਹੈ, ਜਿਸ ਵਿੱਚ ਹਮਾਸ ਦੇ ਹਥਿਆਰਬੰਦ ਵਿੰਗ ਦੇ ਇੱਕ ਮੈਂਬਰ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਗਿਆ ਹਮਲਾ ਉੱਥੇ ਮੌਜੂਦ ਹੋਰ ਲੋਕਾਂ ਦੀ ਪਛਾਣ ਹੋਣ ਤੋਂ ਬਾਅਦ ਮੋੜ ਦਿੱਤਾ ਗਿਆ ਸੀ। ਫ਼ੌਜ ਨੇ ਗੋਲੀਬਾਰੀ ਦੀ ਘਟਨਾ ਬਾਰੇ ਅਣਜਾਣ ਹੋਣ ਦੀ ਗੱਲ ਵੀ ਕਹੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login