ADVERTISEMENT

ADVERTISEMENT

ਨਿਊ ਜਰਸੀ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਡੁੱਬਣ ਨਾਲ ਮੌਤ

ਪਰਿਵਾਰ ਨਾਲ ਪਿਕਨਿਕ ਦਾ ਆਨੰਦ ਮਾਣਦੇ ਸਮੇਂ ਹਾਦਸੇ ਦਾ ਹੋਏ ਸ਼ਿਕਾਰ

 ਕੌਸ਼ਿਕ ਸ਼ਰਮਾ ਦਾ ਪਰਿਵਾਰ ਕੌਸ਼ਿਕ ਸ਼ਰਮਾ ਦਾ ਪਰਿਵਾਰ / GoFundMe

ਅਮਰੀਕਾ ਦੇ ਨਿਊ ਜਰਸੀ ਸੂਬੇ ਵਿੱਚ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਦੀ ਪਰਿਵਾਰਕ ਪਿਕਨਿਕ ਦੌਰਾਨ ਡੁੱਬਣ ਨਾਲ ਮੌਤ ਹੋ ਗਈ। ਕੌਸ਼ਿਕ ਸ਼ਰਮਾ, ਜੋ ਐਡੀਸਨ (ਨਿਊ ਜਰਸੀ) ਦੇ ਵਸਨੀਕ ਸਨ, 16 ਅਗਸਤ ਨੂੰ ਰੌਕਸਬਰੀ ਟਾਊਨਸ਼ਿਪ ਸਥਿਤ ਹੋਪੈਟਕੋਂਗ ਸਟੇਟ ਪਾਰਕ ਵਿੱਚ ਪੈਡਲਬੋਰਡਿੰਗ ਕਰ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ।

ਮੌਰਿਸ ਕਾਊਂਟੀ ਪ੍ਰੋਸੀਕਿਊਟਰ ਦਫ਼ਤਰ ਮੁਤਾਬਕ, ਘਟਨਾ ਦੀ ਸੂਚਨਾ ਦੁਪਹਿਰ ਕਰੀਬ 2:30 ਵਜੇ ਮਿਲੀ। ਪਾਰਕ ਵਿੱਚ ਮੌਜੂਦ ਲੋਕਾਂ ਨੇ ਇੱਕ ਪੈਡਲਬੋਰਡ ਨੂੰ ਬਿਨਾਂ ਕਿਸੇ ਵਿਅਕਤੀ ਦੇ ਪਾਣੀ ਵਿੱਚ  ਤੈਰਦਾ ਦੇਖਿਆ ਅਤੇ ਤੁਰੰਤ ਲਾਈਫਗਾਰਡ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਲਾਈਫਗਾਰਡ ਨੇ ਪਹਿਲੇ ਜਵਾਬੀ ਦਲਾਂ ਨੂੰ ਸੂਚਿਤ ਕੀਤਾ, ਜਿਸ ਉਪਰੰਤ ਕਈ ਏਜੰਸੀਆਂ ਦੀ ਮਦਦ ਨਾਲ ਖੋਜ ਮੁਹਿੰਮ ਸ਼ੁਰੂ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਨਿਊ ਜਰਸੀ ਸਟੇਟ ਪੁਲੀਸ ਦੀ ਟੈਕਨੀਕਲ ਐਮਰਜੈਂਸੀ ਐਂਡ ਮਿਸ਼ਨ ਸਪੈਸ਼ਲਿਸਟਸ ਯੂਨਿਟ ਨੇ ਸ਼ਾਮ ਕਰੀਬ 7 ਵਜੇ ਪਾਣੀ ਵਿੱਚੋਂ ਕੌਸ਼ਿਕ ਸ਼ਰਮਾ ਦੀ ਲਾਸ਼ ਬਰਾਮਦ ਕੀਤੀ।

ਰਾਕੇਸ਼ ਅਹਿਰਵਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਫੰਡਰੇਜ਼ਿੰਗ ਮੁਹਿੰਮ ਵਿੱਚ ਕੌਸ਼ਿਕ ਸ਼ਰਮਾ ਦੀ ਪਛਾਣ ਐਡੀਸਨ ਦੇ ਵਸਨੀਕ ਅਤੇ ਦੋ ਬੱਚਿਆਂ ਦੇ ਪਿਤਾ ਵਜੋਂ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਪਰਿਵਾਰ ਨਾਲ ਪਿਕਨਿਕ ਦਾ ਆਨੰਦ ਮਾਣਦੇ ਸਮੇਂ ਉਹ ਇਸ ਹਾਦਸੇ ਦਾ ਸ਼ਿਕਾਰ ਹੋਏ।

ਰਾਕੇਸ਼ ਅਹਿਰਵਾਰ ਨੇ ਲਿਖਿਆ ਕਿ ਕੌਸ਼ਿਕ ਸ਼ਰਮਾ ਦੇ ਦੋਸਤਾਂ ਅਤੇ ਪਰਿਵਾਰ ਲਈ ਇਹ ਬੇਹੱਦ ਦੁਖਦਾਈ ਅਤੇ ਅਚਾਨਕ ਵਾਪਰੀ ਘਟਨਾ ਹੈ। ਉਨ੍ਹਾਂ ਨੂੰ ਇੱਕ ਦਿਆਲੂ, ਉਦਾਰ ਅਤੇ ਹਮਦਰਦ ਵਿਅਕਤੀ ਵਜੋਂ ਯਾਦ ਕੀਤਾ ਜਾ ਰਿਹਾ ਹੈ। ਫੰਡਰੇਜ਼ਿੰਗ ਮੁਹਿੰਮ ਵਿੱਚ ਕਿਹਾ ਗਿਆ ਹੈ ਕਿ ਕੌਸ਼ਿਕ ਸ਼ਰਮਾ ਐਡੀਸਨ, ਬੀਏਪੀਐਸ, ਐਡੀਸਨ ਸਕੂਲ ਪੀਟੀਓ ਬੋਰਡ ਅਤੇ ਗੁਜਰਾਤੀ ਭਾਈਚਾਰੇ ਵਿੱਚ ਕਾਫ਼ੀ ਜਾਣੇ-ਪਛਾਣੇ ਸਨ। ਉਨ੍ਹਾਂ ਨੂੰ ਅਜਿਹੇ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਜੋ ਹਰ ਵੇਲੇ ਬਿਨਾਂ ਕਿਸੇ ਹਿਚਕਿਚਾਹਟ ਦੇ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੇ ਸਨ।

ਕੌਸ਼ਿਕ ਸ਼ਰਮਾ ਦੇ ਦੇਹਾਂਤ ਨਾਲ ਉਨ੍ਹਾਂ ਦੀ ਪਤਨੀ ਅਤੇ ਦੋ ਛੋਟੇ ਬੱਚੇ ਡੂੰਘੇ ਸਦਮੇ ਵਿੱਚ ਹਨ। ਮੁਹਿੰਮ ਮੁਤਾਬਕ ਸਥਾਨਕ ਭਾਈਚਾਰੇ ਦੇ ਲੋਕ ਪਰਿਵਾਰ ਦੀ ਹਰ ਸੰਭਵ ਮਦਦ ਲਈ ਇਕੱਠੇ ਹੋ ਰਹੇ ਹਨ।

ਮੁਹਿੰਮ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕੌਸ਼ਿਕ ਸ਼ਰਮਾ ਦਾ ਪਰਿਵਾਰ ਅਮਰੀਕਾ ਵਿੱਚ ਆਸ਼ਰਿਤ ਵੀਜ਼ੇ ’ਤੇ ਰਹਿ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਆਰਥਿਕ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਹਿੰਮ ਰਾਹੀਂ ਅੰਤਿਮ ਸੰਸਕਾਰ ਦੇ ਖ਼ਰਚਿਆਂ ਅਤੇ ਪਰਿਵਾਰ ਦੇ ਰੋਜ਼ਾਨਾ ਜੀਵਨ-ਨਿਰਵਾਹ ਲਈ ਫੰਡ ਇਕੱਠੇ ਕੀਤੇ ਜਾ ਰਹੇ ਹਨ। ਮੁਹਿੰਮ ਨੂੰ ਹੁਣ ਤੱਕ 812 ਲੋਕਾਂ ਵੱਲੋਂ ਦਾਨ ਮਿਲ ਚੁੱਕਾ ਹੈ ਅਤੇ 3 ਲੱਖ ਡਾਲਰ ਦੇ ਟੀਚੇ ਵਿੱਚੋਂ 65,046 ਡਾਲਰ ਇਕੱਠੇ ਹੋ ਚੁੱਕੇ ਹਨ।

Comments

Leave A Comment

Required fields are marked (*).

Related

Talk to us?