ADVERTISEMENT

ADVERTISEMENT

ਹਾਕੀ ਵਿਸ਼ਵ ਕੱਪਾਂ ਲਈ ਸਭ ਤੋਂ ਵੱਡੀਆਂ ਸਪਾਂਸਰ ਬਣੀਆਂ ਭਾਰਤੀ ਕੰਪਨੀਆਂ

ਆਸਟ੍ਰੇਲੀਆ ਦਾ ਮੀਡੀਆ ਵੀ ਹਾਕੀ ਨੂੰ ਲੋੜੀਂਦੀ ਜਗ੍ਹਾ ਨਹੀਂ ਦਿੰਦਾ- ਹਾਕੀ ਦਿੱਗਜ ਰਿਚਰਡ ਚਾਰਲਸਵਰਥ

 ਹਾਕੀ ਵਿਸ਼ਵ ਕੱਪਾਂ ਲਈ ਸਭ ਤੋਂ ਵੱਡੀਆਂ ਸਪਾਂਸਰ ਬਣੀਆਂ ਭਾਰਤੀ ਕੰਪਨੀਆਂ ਹਾਕੀ ਵਿਸ਼ਵ ਕੱਪਾਂ ਲਈ ਸਭ ਤੋਂ ਵੱਡੀਆਂ ਸਪਾਂਸਰ ਬਣੀਆਂ ਭਾਰਤੀ ਕੰਪਨੀਆਂ / Provided

ਓਲੰਪਿਕ ਅਤੇ ਵਿਸ਼ਵ ਕੱਪ ਵਰਗੇ ਵੱਡੇ ਅੰਤਰਰਾਸ਼ਟਰੀ ਖੇਡ ਸਮਾਗਮ ਆਰਥਿਕ ਪੱਖੋਂ ਵੱਡੇ ਆਕਰਸ਼ਣ ਦਾ ਕੇਂਦਰ ਹੁੰਦੇ ਹਨ। ਇਨ੍ਹਾਂ ਟੂਰਨਾਮੈਂਟਾਂ ਨੂੰ ਮੁੱਖ ਤੌਰ ’ਤੇ ਸਪਾਂਸਰਸ਼ਿਪ ਅਤੇ ਟੈਲੀਵਿਜ਼ਨ ਪ੍ਰਸਾਰਣ ਅਧਿਕਾਰਾਂ ਰਾਹੀਂ ਵਿੱਤੀ ਸਹਾਇਤਾ ਮਿਲਦੀ ਹੈ। ਹਾਲ ਹੀ ਵਿੱਚ ਸਮਾਪਤ ਹੋਏ ਫੀਫਾ ਵਿਸ਼ਵ ਕੱਪ ਦੀ ਤਰ੍ਹਾਂ ਨੀਦਰਲੈਂਡ ਅਤੇ ਬੈਲਜੀਅਮ ਵਿੱਚ ਚੱਲ ਰਹੇ ਪੁਰਸ਼ ਅਤੇ ਮਹਿਲਾ ਐੱਫਆਈਐੱਚ ਹਾਕੀ ਵਿਸ਼ਵ ਕੱਪਾਂ ਦਾ ਵੀ ਕੋਈ ਟਾਈਟਲ ਸਪਾਂਸਰ ਨਹੀਂ ਹੈ।

ਇੱਕ ਸਮਾਂ ਸੀ ਜਦੋਂ ਭਾਰਤ ਦਾ ਹੀਰੋ ਗਰੁੱਪ ਦੁਨੀਆ ਭਰ ਵਿੱਚ ਹੋਣ ਵਾਲੇ ਐੱਫਆਈਐੱਚ ਦੇ ਲਗਭਗ ਸਾਰੇ ਵੱਡੇ ਟੂਰਨਾਮੈਂਟਾਂ ਦਾ ਟਾਈਟਲ ਸਪਾਂਸਰ ਹੁੰਦਾ ਸੀ। ਭਾਵੇਂ ਇਸ ਵਾਰ ਹੀਰੋ ਗਰੁੱਪ ਟਾਈਟਲ ਸਪਾਂਸਰ ਨਹੀਂ ਹੈ, ਪਰ ਉਸ ਦਾ ਨਵਾਂ ਇਲੈਕਟ੍ਰਿਕ ਦੋਪਹੀਆ ਬ੍ਰਾਂਡ ਵਿਡਾ (VIDA) ਵਿਸ਼ਵ ਕੱਪ ਦੇ ਮੁੱਖ ਸਪਾਂਸਰਾਂ ਵਿੱਚ ਸ਼ਾਮਲ ਹੈ। ਇਸ ਦੇ ਨਾਲ-ਨਾਲ ਭਾਰਤ ਦੀਆਂ ਹੋਰ ਕਈ ਵੱਡੀਆਂ ਕੰਪਨੀਆਂ ਵੀ ਸਪਾਂਸਰਾਂ ਦੀ ਸੂਚੀ ਵਿੱਚ ਅਹਿਮ ਥਾਂ ਰੱਖਦੀਆਂ ਹਨ।

ਗੁਜਰਾਤ ਆਧਾਰਿਤ ਸਹਿਕਾਰੀ ਸੰਸਥਾ ਅਮੂਲ ਵੀ ਐੱਫਆਈਐੱਚ ਵਿਸ਼ਵ ਕੱਪ ਦੀਆਂ ਪ੍ਰਮੁੱਖ ਸਪਾਂਸਰ ਕੰਪਨੀਆਂ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤੀ ਕਾਰਪੋਰੇਟ ਗਰੁੱਪ ਜੇਐੱਸਡਬਲਿਊ ਵੀ ਇਸ ਵਿਸ਼ਵ ਪੱਧਰੀ ਹਾਕੀ ਟੂਰਨਾਮੈਂਟ ਦੇ ਵੱਡੇ ਸਹਿਯੋਗੀਆਂ ਵਿੱਚ ਸ਼ਾਮਲ ਹੈ।

ਰਾਇਲ ਨੀਦਰਲੈਂਡਜ਼ ਹਾਕੀ ਬੋਰਡ ਲਈ ਰਾਬੋ ਬੈਂਕ ਲੰਮੇ ਸਮੇਂ ਤੋਂ ਨੀਦਰਲੈਂਡ ਅਤੇ ਵਿਦੇਸ਼ਾਂ ਵਿੱਚ ਹੋਣ ਵਾਲੇ ਐੱਫਆਈਐੱਚ ਦੇ ਵੱਡੇ ਟੂਰਨਾਮੈਂਟਾਂ ਦਾ ਸਪਾਂਸਰ ਰਿਹਾ ਹੈ।

ਭਾਵੇਂ ਪੁਰਸ਼ ਅਤੇ ਮਹਿਲਾ ਐੱਫਆਈਐੱਚ ਹਾਕੀ ਵਿਸ਼ਵ ਕੱਪ ਜਾਂ ਸਾਂਝੇ ਤੌਰ ’ਤੇ ਕਰਵਾਏ ਜਾਣ ਵਾਲੇ ਇਹ ਟੂਰਨਾਮੈਂਟ ਫੀਫਾ ਵਿਸ਼ਵ ਕੱਪ ਦੇ ਮੁਕਾਬਲੇ ਕਾਫ਼ੀ ਛੋਟੇ ਹਨ, ਫਿਰ ਵੀ ਇੰਗਲੈਂਡ, ਸਪੇਨ, ਫਰਾਂਸ, ਆਸਟ੍ਰੇਲੀਆ, ਪਾਕਿਸਤਾਨ ਅਤੇ ਨਿਊਜ਼ੀਲੈਂਡ ਵਰਗੇ ਹੋਰ ਵੱਡੇ ਹਾਕੀ ਦੇਸ਼ਾਂ ਦੀਆਂ ਕਾਰਪੋਰੇਟ ਕੰਪਨੀਆਂ ਵੱਲੋਂ ਮਿਲਣ ਵਾਲਾ ਸਹਿਯੋਗ ਬਹੁਤ ਘੱਟ ਜਾਂ ਫਿਰ ਸਿਰਫ਼ ਰਸਮੀ ਹੀ ਹੈ।

ਆਸਟ੍ਰੇਲੀਆ ਦੇ ਹਾਕੀ ਦਿੱਗਜ ਰਿਚਰਡ ਚਾਰਲਸਵਰਥ ਵੀ ਮੰਨਦੇ ਹਨ ਕਿ ਹਾਕੀ ਨੂੰ ਸਪਾਂਸਰਸ਼ਿਪ ਅਤੇ ਸਰਕਾਰੀ ਜਾਂ ਕਾਰਪੋਰੇਟ ਹਮਾਇਤ ਦੇ ਮਾਮਲੇ ਵਿੱਚ ਫੁੱਟਬਾਲ ਦੇ ਨੇੜੇ ਵੀ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦਾ ਮੀਡੀਆ ਵੀ ਹਾਕੀ ਨੂੰ ਲੋੜੀਂਦੀ ਜਗ੍ਹਾ ਨਹੀਂ ਦਿੰਦਾ। ਉਨ੍ਹਾਂ ਦੱਸਿਆ ਕਿ ਉਹ ਆਸਟ੍ਰੇਲੀਆਈ ਮੀਡੀਆ ਦੇ ਨੁਮਾਇੰਦੇ ਵਜੋਂ ਇੱਥੇ ਇਸ ਖੇਡ ਪ੍ਰਤੀ ਜਾਗਰੂਕਤਾ ਅਤੇ ਲੋਕਾਂ ਦੀ ਦਿਲਚਸਪੀ ਵਧਾਉਣ ਲਈ ਮੌਜੂਦ ਹਨ।

ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਹੁਣ ਟੂਰਨਾਮੈਂਟਾਂ ਦੇ ਆਯੋਜਨ ਵਿੱਚ ਪਹਿਲਾਂ ਨਾਲੋਂ ਵੱਧ ਸਰਗਰਮ ਭੂਮਿਕਾ ਨਿਭਾ ਰਹੀ ਹੈ। ਇਸ ਕਾਰਨ ਰਾਸ਼ਟਰੀ ਅਤੇ ਮਹਾਂਦੀਪੀ ਹਾਕੀ ਫੈਡਰੇਸ਼ਨਾਂ ਦੀ ਆਪਣੀਆਂ ਸੁਤੰਤਰ ਪ੍ਰਤੀਯੋਗਿਤਾਵਾਂ ਕਰਵਾਉਣ ਦੀ ਭੂਮਿਕਾ ਸੀਮਤ ਹੁੰਦੀ ਜਾ ਰਹੀ ਹੈ। ਐੱਫਆਈਐੱਚ ਆਪਣੇ ਸਪਾਂਸਰ ਟੂਰਨਾਮੈਂਟ ਕਿਸੇ ਦੇਸ਼ ਨੂੰ ਦੇਣ ਵੇਲੇ ਉਸ ਵਿੱਚ ਆਪਣਾ ਹਿੱਸਾ ਵੀ ਯਕੀਨੀ ਬਣਾਉਂਦੀ ਹੈ।

ਐੱਫਆਈਐੱਚ ਦਾ ਸਾਲਾਨਾ ਕੈਲੰਡਰ ਵੀ ਹੁਣ ਪਹਿਲਾਂ ਨਾਲੋਂ ਕਾਫ਼ੀ ਵਿਅਸਤ ਹੋ ਗਿਆ ਹੈ। ਇਸ ਕਾਰਨ ਮਹਾਂਦੀਪੀ ਅਤੇ ਰਾਸ਼ਟਰੀ ਫੈਡਰੇਸ਼ਨਾਂ ਲਈ ਆਪਣੇ ਟੂਰਨਾਮੈਂਟਾਂ ਦੀ ਯੋਜਨਾ ਬਣਾਉਣ ਲਈ ਬਹੁਤ ਘੱਟ ਸਮਾਂ ਬਚਦਾ ਹੈ।

ਰਿਚਰਡ ਚਾਰਲਸਵਰਥ ਦਾ ਕਹਿਣਾ ਹੈ ਕਿ ਹਾਕੀ ਨੂੰ ਫੁੱਟਬਾਲ ਵਰਗੀ ਵਿਆਪਕ ਲੋਕਪ੍ਰਿਯਤਾ ਅਤੇ ਸਪਾਂਸਰਸ਼ਿਪ ਨਹੀਂ ਮਿਲਦੀ। ਉਨ੍ਹਾਂ ਮੁਤਾਬਕ ਫੁੱਟਬਾਲ ਖਿਡਾਰੀਆਂ ਦੀ ਪਹੁੰਚ ਕਾਫ਼ੀ ਵੱਡੀ ਹੈ ਅਤੇ ਇਸ ਕਾਰਨ ਬਹੁਤ ਸਾਰੀਆਂ ਕਾਰਪੋਰੇਟ ਕੰਪਨੀਆਂ ਉਸ ਦੇ ਵੱਡੇ ਸਮਾਗਮਾਂ ਨੂੰ ਸਪਾਂਸਰ ਕਰਦੀਆਂ ਹਨ।

ਯੂਰਪੀ ਹਾਕੀ ਦੇ ਦਬਦਬੇ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਭੂਗੋਲਿਕ ਹੈ। ਯੂਰਪੀ ਦੇਸ਼ਾਂ ਵਿੱਚ ਦੂਰੀਆਂ ਘੱਟ ਅਤੇ ਆਸਾਨੀ ਨਾਲ ਤੈਅ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਉਲਟ ਆਸਟ੍ਰੇਲੀਆ ਵਰਗੇ ਦੇਸ਼ ਵਿੱਚ ਦੂਰੀਆਂ ਬਹੁਤ ਵੱਡੀਆਂ ਹਨ, ਜਿਸ ਕਾਰਨ ਖਿਡਾਰੀਆਂ ਲਈ ਨਿਯਮਤ ਤੌਰ ’ਤੇ ਇਕੱਠੇ ਹੋ ਕੇ ਸਿਖਲਾਈ ਕਰਨਾ ਮੁਸ਼ਕਲ ਹੁੰਦਾ ਹੈ। ਜਰਮਨੀ, ਬੈਲਜੀਅਮ ਅਤੇ ਨੀਦਰਲੈਂਡ ਦੇ ਖਿਡਾਰੀਆਂ ਨੂੰ ਹਫ਼ਤੇ ਦੇ ਅਖੀਰ ਵਿੱਚ ਵੀ ਇਕੱਠੇ ਹੋ ਕੇ ਅਭਿਆਸ ਕਰਨ ਦਾ ਲਾਭ ਮਿਲ ਜਾਂਦਾ ਹੈ।
ਕਾਰਪੋਰੇਟ ਘਰਾਨਿਆਂ ਲਈ ਕਿਸੇ ਖੇਡ ਸਮਾਗਮ ਨੂੰ ਸਪਾਂਸਰ ਕਰਨ ਦਾ ਸਭ ਤੋਂ ਵੱਡਾ ਕਾਰਨ ਉਸ ਤੋਂ ਮਿਲਣ ਵਾਲਾ ਵਪਾਰਕ ਲਾਭ ਹੁੰਦਾ ਹੈ। ਉਹ ਇਸ਼ਤਿਹਾਰ ਇਸ ਲਈ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਬ੍ਰਾਂਡ ਲਈ ਵਿਆਪਕ ਪਛਾਣ ਮਿਲਣ ਦੀ ਉਮੀਦ ਹੁੰਦੀ ਹੈ। ਹੀਰੋ ਗਰੁੱਪ ਦੁਨੀਆ ਦੇ ਵੱਡੇ ਦੋਪਹੀਆ ਨਿਰਮਾਤਾਵਾਂ ਵਿੱਚੋਂ ਇੱਕ ਹੋਣ ਕਰਕੇ ਆਪਣੇ ਉਤਪਾਦਾਂ ਨੂੰ ਵਿਸ਼ਵ ਬਾਜ਼ਾਰ ਵਿੱਚ ਪਹੁੰਚਾਉਣ ਲਈ ਹਾਕੀ ਵਰਗੇ ਸਮਾਗਮਾਂ ਦਾ ਸਹਾਰਾ ਲੈਂਦਾ ਆ ਰਿਹਾ ਹੈ।

ਅਮੂਲ ਵੀ ਹੁਣ ਵਿਸ਼ਵ ਪੱਧਰੀ ਖੇਡ ਸਮਾਗਮਾਂ ਦੀ ਸਪਾਂਸਰਸ਼ਿਪ ਵਿੱਚ ਹੀਰੋ ਨਾਲ ਜੁੜ ਚੁੱਕਾ ਹੈ, ਕਿਉਂਕਿ ਉਸ ਦੇ ਖ਼ਾਸ ਕਰਕੇ ਡੇਅਰੀ ਉਤਪਾਦਾਂ ਦੀ ਪਹੁੰਚ ਹੁਣ ਵਿਸ਼ਵ ਪੱਧਰ ਤੱਕ ਹੋ ਚੁੱਕੀ ਹੈ। ਜੇਐੱਸਡਬਲਿਊ ਦੀ ਰਣਨੀਤੀ ਵੀ ਇਸੇ ਤਰ੍ਹਾਂ ਦੀ ਹੈ।

ਕਾਰਪੋਰੇਟ ਘਰਾਨਿਆਂ ਤੋਂ ਇਲਾਵਾ ਹਾਕੀ ਇੰਡੀਆ ਨੂੰ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੀ ਵੱਡਾ ਸਹਿਯੋਗ ਮਿਲ ਰਿਹਾ ਹੈ। ਓਡੀਸ਼ਾ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਹਾਕੀ ਦਾ ਸਭ ਤੋਂ ਵੱਡਾ ਸਪਾਂਸਰ ਬਣਿਆ ਹੋਇਆ ਹੈ। ਉੱਤਰ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ ਅਤੇ ਤਮਿਲਨਾਡੂ ਵਰਗੇ ਹੋਰ ਸੂਬਿਆਂ ਨੇ ਵੀ ਓਡੀਸ਼ਾ ਦੇ ਮਾਡਲ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ।

ਹੁਣ ਪੰਜਾਬ ਵੀ ਹਾਕੀ ਸਪਾਂਸਰਸ਼ਿਪ ਦੇ ਇਸ ਕਾਫ਼ਲੇ ਵਿੱਚ ਸ਼ਾਮਲ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਸ ਸਾਲ ਅਕਤੂਬਰ-ਨਵੰਬਰ ਵਿੱਚ ਮੋਹਾਲੀ ਅਤੇ ਜਲੰਧਰ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। ਇਸ ਟੂਰਨਾਮੈਂਟ ਵਿੱਚ ਆਗਾਮੀ ਏਸ਼ਿਆਈ ਖੇਡਾਂ ਵਿੱਚ ਭਾਗ ਲੈਣ ਵਾਲੀਆਂ ਛੇ ਸਰਵੋਤਮ ਟੀਮਾਂ ਹਿੱਸਾ ਲੈਣਗੀਆਂ।

Comments

Leave A Comment

Required fields are marked (*).

Related

Talk to us?